ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ ਮੁਸੀਬਤ ਆ ਖੜ੍ਹੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਵਾਤਾਵਰਨ ਬਚਾਉਣ ਖ਼ਾਤਰ ਉਨ੍ਹਾਂ ਪਰਾਲੀ ਨੂੰ ਅੱਗ ਲਾਏ ਬਿਨਾਂ ਕਣਕ ਬੀਜੀ ਸੀ ਪਰ ਸਭ ਕੁਝ ਉਲਟ ਹੋ ਗਿਆ। ਹੁਣ ਪਰਾਲੀ ਵਿਚਾਲੇ ਬੀਜੀ ਗਈ ਕਣਕ ਦੀ ਫ਼ਸਲ 'ਤੇ ਸੁੰਡੀ ਦਾ ਹਮਲਾ ਸ਼ੁਰੂ ਹੋ ਗਿਆ ਹੈ।


ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਕਰਨੈਲ ਸਿੰਘ ਸੰਧੂ ਨੇ ਕਿਹਾ ਅਜਿਹਾ ਹੋ ਹੀ ਨਹੀਂ ਸਕਦਾ। ਪਿੰਡ ਚੱਠਾ ਨਨਹੇੜਾ ਦੇ ਕਿਸਾਨ ਹਰੀ ਸਿੰਘ, ਛਾਹੜ ਦੇ ਸੇਵਕ ਸਿੰਘ, ਲਾਡਬੰਜਾਰਾ ਦੇ ਚਮਕੌਰ ਸਿੰਘ ਅਤੇ ਰਟੋਲਾ ਦੇ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਰਾਲੀ ਸਾੜੀ ਵੀ ਨਹੀਂ ਅਤੇ ਕਣਕ ਵੀ ਬੀਜ ਦਿੱਤੀ।

ਹਾਲੇ ਬੂਟੇ ਹਰੇ ਵੀ ਨਹੀਂ ਹੋਏ ਕਿ ਸੁੰਡੀ ਨੇ ਫ਼ਸਲ 'ਤੇ ਧਾਵਾ ਬੋਲ ਦਿੱਤਾ। ਬਿਮਾਰੀ ਦੀ ਰੋਕਥਾਮ ਲਈ ਹੁਣ ਕੀੜੇਮਾਰ ਦਵਾਈਆਂ ਦੇ ਛਿੜਕਾਅ ਕਰਨਾ ਪਵੇਗਾ, ਜਿਸ ਨਾਲ ਖ਼ਰਚਾ ਵਧੇਗਾ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਪ੍ਰਧਾਨ ਰਣ ਸਿੰਘ ਚੱਠਾ ਨੇ ਮੰਗ ਕੀਤੀ ਕਿ ਸਰਕਾਰ ਇਸ ਸਮੱਸਿਆ ਦਾ ਹੱਲ ਕਰੇ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਮੰਨ ਕੇ ਪਰਾਲੀ ਨੂੰ ਖੇਤ 'ਚ ਕੱਢੇ ਬਗ਼ੈਰ ਕਣਕ ਬੀਜਣ ਨੂੰ ਪਹਿਲ ਦਿੱਤੀ ਸੀ।

ਦੂਜੇ ਪਾਸੇ ਖੇਤੀਬਾੜੀ ਵਿਕਾਸ ਅਧਿਕਾਰੀ ਵਰਿੰਦਰ ਸਿੰਘ ਨੇ ਕਿਹਾ ਕਣਕ ਦੀ ਬਿਜਾਈ ਦੇ ਸ਼ੁਰੂਆਤੀ ਦੌਰ 'ਚ ਹੀ ਬਿਮਾਰੀ ਲੱਗੀ ਹੈ। ਬਿਮਾਰੀ ਲੱਗਣ ਨਾਲ ਇਸ ਨਾਲ ਕੋਈ ਸਬੰਧ ਨਹੀਂ ਹੈ ਕਿ ਕਣਕ ਦੀ ਬਿਜਾਈ ਪਰਾਲੀ ਨੂੰ ਅੱਗ ਲਾ ਕੇ ਕੀਤੀ ਹੈ ਜਾਂ ਬਗ਼ੈਰ ਅੱਗ ਲਾਏ।