ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..
ਏਬੀਪੀ ਸਾਂਝਾ | 23 Nov 2017 10:29 AM (IST)
ਚੰਡੀਗੜ੍ਹ : ਨਰਮੇ ਦੀ ਚੁਗਾਈ ਮਸ਼ੀਨ ਨਾਲ ਕਰਕੇ ਕਿਸਾਨਾਂ ਦੇ ਲਾਗਤ ਖਰਚੇ ਘੱਟਣਗੇ ਅਤੇ ਆਮਦਨ ਵਧੇਗੀ। ਮੁਕਤਸਰ ਨੇੜਲੇ ਪਿੰਡ ਬਾਮ ਵਿੱਚ ਇਸ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਤਹਿਤ ਪ੍ਰਤੀ ਏਕੜ 3 ਕਿਲੋ ਬੀਜ ਪਾਇਆ ਜਾਂਦਾ ਹੈ ਅਤੇ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 28000 ਤੋਂ 32000 ਤੱਕ ਹੁੰਦੀ ਹੈ ਜਦਕਿ ਪੁਰਾਣੀ ਤਕਨੀਕ ਤਹਿਤ ਪ੍ਰਤੀ ਏਕੜ 5000 ਬੂਟੇ ਹੀ ਹੁੰਦੇ ਸਨ। ਸੰਘਣੀ ਫ਼ਸਲ ਕਾਰਨ ਕਿਸਾਨ ਦਾ ਨਦੀਨਾਂ ਦੀ ਰੋਕਥਾਮ ’ਤੇ ਖਰਚਾ ਘੱਟ ਹੁੰਦਾ ਹੈ। ਬੂਟਿਆਂ ਦੀ ਉਚਾਈ ਸਾਢੇ 3 ਫੁੱਟ ਤੱਕ ਸੀਮਤ ਰੱਖੀ ਜਾਂਦੀ ਹੈ। ਉਚਾਈ ਘੱਟ ਹੋਣ ਕਾਰਨ ਕੀਟਨਾਸ਼ਕ ਬੂਟੇ ਦੇ ਸਾਰੇ ਹਿੱਸਿਆ ਤੱਕ ਪਹੁੰਚ ਜਾਂਦੇ ਹਨ ਅਤੇ ਕੀਟ ਸੁੱਰਖਿਆ ’ਤੇ ਲਾਗਤ ਖਰਚੇ ਘੱਟਦੇ ਹਨ। ਪ੍ਰੋਜੈਕਟ ਨਾਲ ਜੁੜੇ ਡਾ. ਸਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਚੁਗਾਈ ਦਾ ਖਰਚ ਪ੍ਰਤੀ ਕਿਲੋ ਢਾਈ ਰੁਪਏ ਆਉਂਦਾ ਹੈ ਜਦਕਿ ਹੱਥ ਨਾਲ ਚੁਗਾਈ ਦਾ ਖਰਚ ਔਸਤ 5 ਤੋਂ 6 ਰੁਪਏ ਕਿਲੋ ਆਉਂਦਾ ਹੈ। ਕਿਸਾਨ ਲਾਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਚੁਗਿਆ ਨਰਮਾ ਕੌਮਾਂਤਰੀ ਪੱਧਰ ਦਾ ਹੁੰਦਾ ਹੈ। ਪ੍ਰੋਜੈਕਟ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਨੇ ਕਿਹਾ ਕਿ ਇਸ ਮਸ਼ੀਨ ਨਾਲ ਕਿਸਾਨਾਂ ਦੇ ਲਾਗਤ ਖਰਚੇ ਘੱਟਣਗੇ ਅਤੇ ਆਮਦਨ ਵਧੇਗੀ। ਸਰਕਾਰ ਨੇ ਤਿੰਨ ਨਰਮਾ ਚੁਗਾਈ ਮਸ਼ੀਨਾਂ ਖ਼ਰੀਦੀਆਂ ਹਨ ਤੇ ਇਸ ਤਕਨੀਕ ਸਬੰਧੀ ਨਰਮੇ ਦੀ ਬਿਜਾਈ ਲਈ ਸਬਸਿਡੀ ’ਤੇ ਬੀਜ ਉਪਲਬੱਧ ਕਰਵਾਇਆ ਜਾਂਦਾ ਹੈ।