ਚੰਡੀਗੜ੍ਹ : ਮਾਮਲਾ ਧਰਮਕੋਟ ਨਿਵਾਸੀ ਅਪਾਹਜ ਕਿਸਾਨ ਰਣਵੀਰ ਸਿੰਘ ਪੁੱਤਰ ਗੁਰਨੇਕ ਸਿੰਘ ਨਾਲ ਵਾਪਰਿਆ। ਨੋਟਰੀ ਵੱਲੋਂ ਤਸਦੀਕ ਹਲਫੀਆ ਬਿਆਨ 'ਚ ਅਪਾਹਜ ਕਿਸਾਨ ਰਣਵੀਰ ਸਿੰਘ ਨੇ ਕਿਹਾ ਕਿ ਇਕ ਲੜਕਾ ਪਹਿਲਾਂ ਹੀ ਵਿਦੇਸ਼ 'ਚ ਹੈ ਅਤੇ ਹੁਣ ਦੂਜਾ ਲੜਕਾ ਵੀ ਵਿਦੇਸ਼ ਜਾਣਾ ਚਾਹੁੰਦਾ ਸੀ ਜਿਸ ਲਈ ਉਸ ਨੇ ਏਜੰਟ ਗੁਰਜੀਤ ਸਿੰਘ ਵਾਸੀ ਪ੍ਰੀਤ ਨਗਰ, ਜ਼ਿਲ੍ਹਾ ਬਠਿੰਡਾ ਨਾਲ ਸੰਪਰਕ ਕੀਤਾ।
ਏਜੰਟ ਨੇ ਲੜਕੇ ਨੂੰ ਜਰਮਨ ਭੇਜਣ ਲਈ ਕਾਗਜ਼ ਪੱਤਰ ਮੰਗੇ ਤੇ ਬੀਤੀ 27 ਜੁਲਾਈ ਨੂੰ ਮੇਰਾ ਲੜਕਾ, 12 ਲੱਖ ਰੁਪਏ ਤੇ ਲੜਕੇ ਦੇ ਕੱਪੜੇ ਲੀੜੇ ਲੈ ਗਿਆ। 31 ਜੁਲਾਈ ਰਾਤ 9.30 ਵਜੇ ਇਕ ਵਾਰ ਮੇਰੇ ਲੜਕੇ ਦਾ ਫੋਨ ਆਇਆ ਕਿ ਉਹ ਸਹੀ ਸਲਾਮਤ ਪੁੱਜ ਗਿਆ ਹੈ ਪਰ ਹੁਣ ਚਾਰ ਮਹੀਨੇ ਬੀਤ ਜਾਣ 'ਤੇ ਕੋਈ ਫੋਨ ਨਹੀਂ ਆਇਆ ਤੇ ਨਾ ਹੀ ਕੋਈ ਥਹੁ-ਪਤਾ ਲੱਗ ਰਿਹਾ ਹੈ।
ਇਸ ਸਬੰਧੀ ਦਰਖਾਸਤ ਥਾਣਾ ਧਰਮਕੋਟ ਨੂੰ ਦਿੱਤੀ ਗਈ। ਰਣਵੀਰ ਸਿੰਘ ਨੇ ਖ਼ਦਸ਼ਾ ਪ੍ਰਗਟਾਇਆ ਕੀਤਾ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਉਕਤ ਏਜੰਟ ਖ਼ਿਲਾਫ਼ ਕਾਰਵਾਈ ਕਰੇ।
ਪੁਲਿਸ ਮੁਤਾਬਕ ਉਕਤ ਕਿਸਾਨ ਦੀ ਦਰਖਾਸਤ ਦੀ ਤਫਤੀਸ਼ ਕਰ ਰਹੀ ਹੈ। ਜਦਕਿ ਏਜੰਟ ਗੁਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਉਹ ਥਾਣਾ ਧਰਮਕੋਟ ਤੇ ਇਥੋਂ ਦੇ ਮੋਹਤਬਰਾਂ ਨੂੰ ਜਾਣਕਾਰੀ ਦੇ ਚੁੱਕਾ ਹੈ।