ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ ਸਾਲ 2019-20 ਲਈ ਪੇਸ਼ ਕੀਤੇ ਅੰਤ੍ਰਿਮ ਬਜਟ ਤੋਂ ਬੀਜੇਪੀ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਹੁਤੀ ਖੁਸ਼ ਨਹੀਂ ਹੈ। ਹਾਲਾਂਕਿ, ਅਕਾਲੀ ਦਲ ਨੇ ਬਜਟ 'ਚ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਸਾਲਾਨਾ ਸਹਾਇਤਾ ਰਾਸ਼ੀ ਦੇਣ ਦੀ ਯੋਜਨਾ ਨੂੰ ਠੀਕ ਕਦਮ ਦੱਸਿਆ ਪਰ ਨਾਲ ਹੀ 6,000 ਰੁਪਏ ਦੀ ਰਕਮ ਨੂੰ ਥੋੜ੍ਹਾ ਦੱਸਿਆ।


ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦਾ ਵਫ਼ਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲੇਗਾ ਤੇ ਮੰਗ ਕਰੇਗਾ ਕਿ ਕਿਸਾਨਾਂ ਨੂੰ ਦੇਣ ਵਾਲੀ ਰਾਸ਼ੀ ਨੂੰ ਦੁੱਗਣਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਮੋਦੀ ਸਰਕਾਰ ਵਾਲੀ ਛੇ ਹਜ਼ਾਰੀ ਸਕੀਮ ਸ਼ੁਰੂ ਕਰਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਇਸ ਯੋਜਨਾ ਨੂੰ ਸੰਕੇਤਕ ਭਲਾਈ ਸਕੀਮ ਦੱਸਿਆ ਅਤੇ ਕਿਹਾ ਕਿ ਜੇਕਰ ਕਿਸਾਨੀ ਕਿੱਤੇ ਨਾਲ ਸਬੰਧਤ ਹੋਰਨਾਂ ਲੋਕਾਂ ਨੂੰ ਵੀ ਇਸ ਦੇ ਤਹਿਤ ਲਿਆਂਦਾ ਜਾਣਾ ਚਾਹੀਦਾ ਹੈ। ਹਾਲਾਂਕਿ, ਬਾਦਲ ਨੇ ਮੋਦੀ ਦੇ ਬਜਟ ਦੇ ਹੋਰ ਆਕਰਸ਼ਣਾਂ ਨੂੰ ਜਾਇਜ਼ ਦੱਸਦਿਆਂ ਪੰਜ ਲੱਖ ਤਕ ਟੈਕਸ ਛੋਟ ਤੇ ਕਾਰੋਬਾਰੀਆਂ ਲਈ ਦਿੱਤੀ ਖੁੱਲ੍ਹ 'ਤੇ ਆਪਣੀ ਤਸੱਲੀ ਤੇ ਸਹਿਮਤੀ ਪ੍ਰਗਟਾਈ।

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਦੋ ਹੈਕਟੇਅਰ ਯਾਨੀ ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਲਈ ਸਾਲਾਨਾ ਛੇ ਹਜ਼ਾਰ ਰੁਪਏ ਦੀ ਸਿੱਧੀ ਸਹਾਇਤਾ ਰਾਸ਼ੀ ਭੇਜਣ ਦੀ ਐਲਾਨ ਕੀਤਾ ਸੀ। ਮੋਦੀ ਸਰਕਾਰ ਦੀ ਇਸ ਸਕੀਮ ਦੀ ਵਿਰੋਧੀ ਧਿਰਾਂ ਤੇ ਕਿਸਾਨਾਂ ਨੇ ਖਾਸੀ ਅਲੋਚਨਾ ਕੀਤੀ ਸੀ ਤੇ ਹੁਣ ਭਾਈਵਾਲ ਪਾਰਟੀਆਂ ਨੇ ਵੀ ਬੀਜੇਪੀ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ ਹੈ।