ਚੰਡੀਗੜ੍ਹ: ਕਰੀਬ ਚਾਰ ਦਹਾਕੇ ਪਹਿਲਾਂ ਵਿਕਸਤ ਕੀਤੀ ਤਕਨੀਕ ਨਾਲ ਜਰਮਨੀ ਤੇ ਥਾਈਲੈਂਡ ਦੇ ਕਿਸਾਨ ਚੌਲਾਂ ਦੀ ਬੰਪਰ ਪੈਦਾਵਾਰ ਕਰ ਰਹੇ ਹਨ। ਇਸ ਤਕਨੀਕ ਨੂੰ ਕਦੀ ਵਿਗਿਆਨੀਆਂ ਨੇ ਬੇਕਾਰ ਦੱਸ ਕੇ ਖਾਰਜ ਕਰ ਦਿੱਤਾ ਸੀ ਪਰ ਅੱਜ ਇਸ ਦੀ ਮਦਦ ਨਾਲ ਚੌਲਾਂ ਦੇ ਉਤਪਾਦਨ ਵਿੱਚ 200 ਫੀਸਦੀ ਤਕ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਕਨੀਕ ਦੀ ਮਦਦ ਨਾਲ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਵਿੱਚ ਵੀ ਕਮੀ ਆਈ ਹੈ। ਜਰਮਨ ਤੇ ਥਾਈਲੈਂਡ ਸਰਕਾਰ ਤੇ ਕੁਝ ਕਾਰੋਬਾਰੀ ਪਾਇਲਟ ਪ੍ਰੋਜੈਕਟ ‘ਬੌਨ ਰੈਟਚਥਾਨੀ’ ਵਜੋਂ ਇਸ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ।


ਇਸ ਤਕਨੀਕ ਦੀ ਖੋਜ ਫਰਾਂਸ ਦੇ ਜੇਸੁਈਟ ਪ੍ਰੀਸਟ ਹੈਨਰੀ ਨੇ ਕੀਤੀ ਸੀ। 1961 ’ਚ ਉਹ ਮੇਡਾਗਾਸਕਰ ਚਲੇ ਗਏ ਤੇ ਉੱਥੋਂ ਦੇ ਕਿਸਾਨਾਂ ਨਾਲ ਮਿਲ ਕੇ ਖੇਤੀ ਦੀ ਉਪਜ ਵਧਾਉਣ ਲਈ ਕੰਮ ਕੀਤਾ। ਉਨ੍ਹਾਂ ਵੇਖਿਆ ਕਿ ਆਮ ਨਾਲੋਂ ਘੱਟ ਬੀਜ ਤੇ ਜੈਵਿਕ ਖਾਦ ਦਾ ਇਸਤੇਮਾਲ ਕਰਕੇ ਝੋਨੇ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ।

ਇਸ ਤਕਨੀਕ ਤਹਿਤ ਝੋਨੇ ਦੇ ਖੇਤ ਨੂੰ ਹਰ ਵੇਲੇ ਭਰਿਆ ਨਹੀਂ ਰੱਖਿਆ ਜਾਂਦਾ। ਇਸ ਦੇ ਵਿੱਚ-ਵਿੱਚ ਉਸ ਨੂੰ ਸੁੱਕਣ ਦਿੱਤਾ ਜਾਂਦਾ ਹੈ ਤੇ ਪਾਣੀ ਦੀ ਕੁੱਲ ਵਰਤੋਂ ਅੱਧੀ ਕਰ ਦਿੱਤੀ ਜਾਂਦੀ ਹੈ। ਹੈਨਰੀ ਨੇ ਵੇਖਿਆ ਕਿ ਇੰਨਾ ਕਰਨ ਨਾਲ ਝੋਨੇ ਦੀ ਫਸਲ ਵਿੱਚ 20 ਤੋਂ 200 ਫੀਸਦੀ ਤਕ ਵਾਧਾ ਹੋਇਆ। ਖੇਤੀ ਦੌਰਾਨ ਬੂਟਿਆਂ ਨੂੰ ਜ਼ਿਆਦਾ ਆਕਸੀਜਨ ਮਿਲੀ।

ਇਸ ਤਕਨੀਕ ਨੂੰ ‘ਦ ਸਿਸਟਮ ਆਫ ਰਾਈਸ ਇਨਟੈਂਸੀਫਿਕੇਸ਼ਨ’ ਦਾ ਨਾਂ ਦਿੱਤਾ ਗਿਆ। ਸਾਲ 2000 ਵਿੱਚ ਇਸ ਤਕਨੀਕ ਨੂੰ ਜਨਤਕ ਕੀਤਾ ਗਿਆ ਸੀ ਪਰ ਕੁਝ ਖੇਤੀ ਮਾਹਰਾਂ ਨੇ ਇਸ ਨੂੰ ਬੇਕਾਰ ਦੱਸਿਆ ਸੀ। ਇਸ ਦੇ ਬਾਅਦ ਇਸ ਤਕਨੀਕ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਜਲਵਾਯੂ ਵਿੱਚ ਵਿਕਸਤ ਕੀਤਾ ਗਿਆ।

ਇਸ ਤੋਂ ਬਾਅਦ ਹੁਣ ਤਕ 61 ਦੇਸ਼ਾਂ ਦੇ ਦੋ ਕਰੋੜ ਤੋਂ ਵੱਧ ਕਿਸਾਨ ਇਸ ਤਕਨੀਕ ਤੋਂ ਫਾਇਦਾ ਚੁੱਕ ਰਹੇ ਹਨ। ਬਿਹਾਰ ਦੇ ਰਹਿਣ ਵਾਲੇ ਸੁਮੰਤ ਕੁਮਾਰ ਨੇ ਇੱਕ ਹੈਕਟੇਅਰ ਖੇਤ ਵਿੱਚ 22.4 ਟਨ ਝੋਨੇ ਦਾ ਉਤਪਾਦਨ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਇਸ ਤਕਨੀਕ ਨਾਲ ਕਿਸਾਨਾਂ ਦੀ ਲਾਗਤ ਕਾਫੀ ਹੱਦ ਤਕ ਘਟ ਗਈ ਹੈ।