ਨਵੀਂ ਦਿੱਲੀ- ਸਮਾਜ ਸੇਵੀ ਅੰਨਾ ਹਜ਼ਾਰੇ ਨੇ ਇੱਕ ਵਾਰੀ ਫਿਰ ਸਰਕਾਰ ਨੂੰ ਘੇਰਨ ਲਈ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰੀ ਅੰਦੋਲਨ ਦਾ ਮੁੱਖ ਮੁੱਦਾ ਕਿਸਾਨਾਂ ਦੀ ਬਦਹਾਲੀ ਅਤੇ ਮਜ਼ਦੂਰਾਂ, ਕਾਮਿਆਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਵੀ ਰੱਖਿਆ ਗਿਆ ਹੈ। ਦਰਜਨ ਤੋਂ ਵੱਧ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨਾਲ ਅੰਨਾ ਹਜ਼ਾਰੇ ਦੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ। ਸਾਰਾ ਦਿਨ ਚੱਲੀਆਂ ਬੈਠਕਾਂ ਵਿੱਚ ਅੰਦੋਲਨ ਦੀ ਰੂਪ ਰੇਖਾ ਉੱਤੇ ਵਿਚਾਰ ਕੀਤਾ ਗਿਆ। ਅੰਨਾ ਹਜ਼ਾਰੇ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਹਜ਼ਾਰੇ ਅੰਦੋਲਨ ਦੀ ਰੂਪ ਰੇਖਾ ਦਾ ਪ੍ਰਗਟਾਵਾ ਕਰਨਗੇ। ਅੰਨਾ ਹਜ਼ਾਰੇ ਨੇ ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਅਤੇ ਸਾਬਕਾ ਵਿਧਾਇਕ ਸੁਨੀਲਮ, ਇੰਡੀਆ ਅਗੇਨਸਟ ਕੁਰੱਪਸ਼ਨ ਦੀ ਸਾਬਕਾ ਮੈਂਬਰ ਸੁਨੀਤਾ ਗੋਦਾਰਾ ਅਤੇ ਜਸਟਿਸ (ਸੇਵਾਮੁਕਤ) ਸੰਤੋਸ਼ ਹੇਗੜੇ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਬੈਠਕ ‘ਚ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਕਿਸਾਨ, ਮਜ਼ਦੂਰ ਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕਰਨ ਉਤੇ ਸਹਿਮਤੀ ਬਣ ਗਈ ਹੈ। ਦਸ ਅਕਤੂਬਰ ਨੂੰ ਹਜ਼ਾਰੇ ਉੜੀਸਾ ਦੇ ਕਿਸਾਨ ਆਗੂ ਅਕਸ਼ੈ ਕੁਮਾਰ ਦੀ ਅਗਵਾਈ ਵਿੱਚ ਜੰਤਰ ਮੰਤਰ ਉੱਤੇ ਨਵ ਨਿਰਮਾਣ ਖੇਤੀਬਾੜੀ ਸੰਗਠਨ ਦੇ ਬੈਨਰ ਹੇਠ ਹੋ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਗੇ। ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਬੈਠਕ ਵਿੱਚ ਅੰਨਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ‘ਚ ਕਿਸਾਨਾਂ ਦੀ ਬਦਹਾਲੀ ਨੂੰ ਖਤਮ ਕਰਨ ਲਈ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਂਅ ਉੱਤੇ ਸਿਰਫ ਧੋਖਾ ਕੀਤਾ ਗਿਆ ਹੈ। ਕਿਸਾਨਾਂ ਦੀ ਹਾਲਤ ਬਦਤਰ ਹੋਈ ਹੈ ਅਤੇ ਭਿ੍ਰਸ਼ਟਾਚਾਰ ਘੱਟ ਹੋਣ ਦੀ ਬਜਾਏ ਵਧਿਆ ਹੈ। ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਹਜ਼ਾਰੇ ਦੇ ਮੰਚ ਦਾ ਸਿਆਸੀ ਪ੍ਰਯੋਗ ਕੀਤੇ ਜਾ ਸਕਣ ਦਾ ਸ਼ੱਕ ਪ੍ਰਗਟਾਉਣ ‘ਤੇ ਅੰਨਾ ਨੇ ਕਿਹਾ ਕਿ ਭਿ੍ਰਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਸਬਕ ਲੈ ਕੇ ਇਹ ਤੈਅ ਕੀਤਾ ਹੈ ਕਿ ਇਸ ਅੰਦੋਲਨ ਨਾਲ ਜੁੜਨ ਵਾਲੇ ਹਰ ਵਿਅਕਤੀ ਕੋਲੋਂ ਭਵਿੱਖ ਵਿੱਚ ਚੋਣ ਸਿਆਸਤ ਨਾਲ ਜੁੜੇ ਬਗੈਰ ਸਮਾਜ ਸੇਵਾ ਕਰਨ ਦਾ ਲਿਖਤੀ ਬਿਆਨ ਲਿਆ ਜਾਵੇਗਾ। ਉਨ੍ਹਾਂ ਅੰਦੋਲਨਕਾਰੀ ਤੋਂ ਸਿਆਸੀ ਆਗੂ ਬਣੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂਅ ਲਏ ਬਿਨਾਂ ਕਿਹਾ ਕਿ ਅੰਦੋਲਨ ਪੂਰੀ ਤਰ੍ਹਾਂ ਗੈਰ ਸਿਆਸੀ ਬਣਾਈ ਰੱਖਣ ਲਈ ਅੰਦੋਲਨ ਦੇ ਮੰਚ ਤੋਂ ਸਿਆਸਤਦਾਨਾਂ ਨੂੰ ਪੂਰੀ ਤਰ੍ਹਾਂ ਦੂਰ ਰੱਖਿਆ ਜਾਵੇਗਾ।