ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਲਿਖਿਆ ਅਰਵਿੰਦ ਕੇਜਰੀਵਾਲ ਕੀ ਤੁਸੀਂ ਆਪਣਾ ਵਾਅਦਾ ਭੁੱਲ ਗਏ ਹੋ। ਚੋਣਾਂ ਤੋਂ ਪਹਿਲਾਂ ਤੁਸੀਂ ਕਿਹਾ ਸੀ ਕਿ 1 ਅਪ੍ਰੈਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਕਿਸੇ ਕਿਸਾਨ-ਮਜ਼ਦੂਰ ਨੂੰ ਖੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ ਪਰ ਜਰਨੈਲ ਸਿੰਘ ਵਾਂਗ 60 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਤੇ ਤੁਸੀਂ ਚੁੱਪ ਧਾਰੀ ਬੈਠੇ ਹੋ ?



ਦੱਸ ਦਈਏ ਕਿ ਇੱਕ ਰਿਪੋਰਟ ਮੁਤਾਬਕ ਪਿਛਲੇ ਪਹਿਲੇ ਪੰਜ ਮਹੀਨੇ ਦੌਰਾਨ ਪੰਜਾਬ ’ਚ ਕਰੀਬ ਸਵਾ ਸੌ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਕਰ ਗਏ ਹਨ। ਬੀਕੇਯੂ (ਉਗਰਾਹਾਂ) ਦੇ ਸੁਖਪਾਲ ਸਿੰਘ ਮਾਣਕ ਵੱਲੋਂ ਪਿੰਡਾਂ ’ਚੋਂ ਆਈਆਂ ਰਿਪੋਰਟਾਂ ਦੇ ਆਧਾਰ ’ਤੇ ਅੰਕੜਾ ਇਕੱਤਰ ਕੀਤਾ ਗਿਆ ਹੈ। ਇਸ ਅਨੁਸਾਰ ਪਹਿਲੀ ਜਨਵਰੀ 2022 ਤੋਂ 30 ਅਗਸਤ ਤੱਕ 163 ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਦੇ ਰਾਹ ਪਏ ਹਨ।

ਰਿਪੋਰਟ ਮੁਤਾਬਕ ਪੰਜਾਬ ਵਿੱਚ ਨਵੀਂ ਸਰਕਾਰ ਬਣਨ ਮਗਰੋਂ 124 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਇਸੇ ਵਰ੍ਹੇ ਦੇ ਅਪਰੈਲ ਮਹੀਨੇ ਵਿੱਚ 35 , ਮਈ ਮਹੀਨੇ ਵਿੱਚ 24, ਜੂਨ ਵਿੱਚ 16, ਜੁਲਾਈ ਵਿੱਚ 22 ਤੇ ਅਗਸਤ ਮਹੀਨੇ ਵਿੱਚ 20 ਖੁਦਕੁਸ਼ੀਆਂ ਹੋਈਆਂ ਹਨ। ਖੁਦਕੁਸ਼ੀ ਕਰਨ ਵਾਲਿਆਂ ਵਿੱਚ ਕਿਸਾਨ, ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹਨ।

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਤੇ ਕਿਰਤੀਆਂ ਨੂੰ ਅਪੀਲ ਕੀਤੀ ਸੀ ਕਿ ਗੁਲਾਬੀ ਸੁੰਡੀ, ਮੀਂਹ-ਝੱਖੜ ਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫ਼ਸਲਾਂ ਕਾਰਨ ਨਿਰਾਸ਼ਾ ਦੇ ਆਲਮ 'ਚ ਆ ਕੇ ਖ਼ੁਦਕੁਸ਼ੀ ਵਰਗਾ ਕੋਈ ਵੀ ਗਲਤ ਕਦਮ ਨਾ ਚੁੱਕਿਆ ਜਾਵੇ। ਉਨਾਂ ਭਰੋਸਾ ਦਿੱਤਾ ਸੀ ਜੇਕਰ ਮੌਜ਼ੂਦਾ ਚੰਨੀ ਸਰਕਾਰ ਲਾਗਤ ਖ਼ਰਚਿਆਂ ਅਨੁਸਾਰ ਢੁੱਕਵਾਂ ਮੁਆਵਜਾ ਦੇਣ 'ਚ ਅਸਫ਼ਲ ਰਹਿੰਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 30 ਅਪ੍ਰੈਲ 2022 ਤੱਕ ਬਣਦਾ ਮੁਆਵਜਾ ਦੇਵੇਗੀ।

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ, ''ਪਹਿਲੀ ਅਪ੍ਰੈਲ 2022 ਤੋਂ ਬਾਅਦ ਪੰਜਾਬ ਦੇ ਵੀ ਕਿਸਾਨ ਅਤੇ ਮਜਦੂਰ ਫਸਲਾਂ ਦੇ ਖਰਾਬੇ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਨਹੀਂ ਹੋਣਗੇ। ਇਹ ਮੇਰਾ ਵਾਅਦਾ ਹੈ ਅਤੇ ਕੇਜਰੀਵਾਲ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ। 30 ਅਪ੍ਰੈਲ 2022 ਤੱਕ ਹਰੇਕ ਪ੍ਰਭਾਵਿਤ ਕਿਸਾਨ ਤੇ ਮਜਦੂਰ ਦੇ ਖਾਤੇ 'ਚ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਪਹੁੰਚੇ ਜਾਵੇਗਾ।

ਕੇਜਰੀਵਾਲ ਨੇ ਕਿਹਾ ਸੀ, ''ਜਦੋਂ ਕੋਈ ਵੀ ਕਿਸਾਨ ਖ਼ੁਦਕੁਸ਼ੀ ਕਰਦਾ ਹੈ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ ਪਰ ਹੋਰਨਾਂ ਪਾਰਟੀਆਂ ਤੇ ਆਗੂਆਂ ਨੂੰ ਕੋਈ ਦੁੱਖ ਨਹੀਂ ਹੁੰਦਾ। ਜੇਕਰ ਐਨੀ ਸੰਵੇਦਨਾ ਇਨਾਂ ਲੀਡਰਾਂ 'ਚ ਹੁੰਦੀ ਤਾਂ ਦੇਸ਼ ਦਾ ਕਿਸਾਨ, ਖੇਤ ਮਜ਼ਦੂਰ ਅਤੇ ਖੇਤੀਬਾੜੀ 'ਤੇ ਨਿਰਭਰ ਸਾਰੇ ਕੰਮ -ਧੰਦੇ ਤੇ ਕਾਰੋਬਾਰ ਅਜਿਹੇ ਸੰਕਟਾਂ ਦਾ ਸਾਹਮਣਾ ਨਾ ਕਰਦੇ ਹੁੰਦੇ।