ਮਾਨਸਾ: ਅੱਜ ਕਿਸਾਨਾਂ ਦੀ ਕਰਜ਼ ਮੁਆਫੀ ਦਾ ਪਹਿਲਾ ਗੇੜ ਸ਼ੁਰੂ ਹੋ ਗਿਆ ਹੈ। ਅੱਜ ਸਰਕਾਰ 46 ਹਜ਼ਾਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਕਰਜ਼ ਤੋਂ ਨਿਜ਼ਾਤ ਦਿਵਾਉਣ ਵਾਲੇ ਪ੍ਰਮਾਣ ਪੱਤਰ ਵੰਡੇਗੀ। ਸਰਕਾਰ ਮੁਤਾਬਕ ਅੱਜ 167 ਕਰੋੜ ਰੁਪਏ ਦੇ ਕਰਜ਼ਿਆਂ 'ਤੇ ਲੀਕ ਫੇਰੀ ਜਾਵੇਗੀ। ਇਸ ਮੁਤਾਬਕ ਹਰ ਕਿਸਾਨ ਦੇ ਔਸਤਨ ਤਕਰੀਬਨ 40 ਹਜ਼ਾਰ ਰੁਪਏ ਮੁਆਫ਼ ਹੋਣ ਜਾ ਰਹੇ ਹਨ।
ਸਰਕਾਰ ਨੇ ਢਾਈ ਏਕੜ ਤਕ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਦੋ ਲੱਖ ਰੁਪਏ ਤਕ ਦੇ ਸਹਿਕਾਰੀ ਸਭਾਵਾਂ ਦੇ ਫ਼ਸਲੀ ਕਰਜ਼ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਤਹਿਤ ਅੱਜ 5 ਜ਼ਿਲ੍ਹਿਆਂ ਦੇ ਕਿਸਾਨਾਂ ਕਰਜ਼ ਮੁਕਤੀ ਵਾਲੇ ਪ੍ਰਮਾਣ ਪੱਤਰ ਵੰਡੇ ਜਾਣਗੇ। ਸਰਕਾਰ ਨੇ ਅੱਜ ਕਿਸਾਨਾਂ ਨੂੰ ਮਾਨਸਾ ਵਿੱਚ ਹੋ ਰਹੇ ਸੂਬਾ ਪੱਧਰੀ ਸਮਾਗਮ ਵਿੱਚ ਲਿਜਾਣ ਲਈ 600 ਬੱਸਾਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।
ਸਹਿਕਾਰੀ ਸਭਾਵਾਂ ਦੇ ਵਧੀਕ ਚੀਫ਼ ਸਕੱਤਰ ਡੀ.ਪੀ. ਰੈਡੀ ਨੇ ਬੀਤੇ ਕੱਲ੍ਹ ਦੱਸਿਆ ਕਿ ਸਰਕਾਰ 46,556 ਕਿਸਾਨਾਂ ਦਾ 167.39 ਕਰੋੜ ਰੁਪਏ ਮੁਆਫ ਕਰਨ ਜਾ ਰਹੀ ਹੈ, ਜਿਸ ਮੁਤਾਬਕ ਹਰ ਕਿਸਾਨ ਦਾ ਔਸਤਨ 40 ਹਜ਼ਾਰ ਰੁਪਏ ਮੁਆਫ ਹੋਣਗੇ।
ਉੱਧਰ ਭਾਰਤੀ ਕਿਸਾਨ ਯੂਨੀਅਨ ਨੇ ਇਸ ਕਰਜ਼ ਮੁਆਫੀ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਸਿਰਫ ਸਿਆਸਤ ਕਰ ਰਹੀ ਹੈ। ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਕਿਸਾਨਾਂ ਉਪਰ ਬੈਂਕਾਂ ਤੇ ਆੜ੍ਹਤੀਆਂ ਦਾ ਕਰਜ਼ਾ ਜ਼ਿਆਦਾ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕੈਪਟਨ ਦੇ ਇਸ ਸਮਾਗਮ ਦਾ ਵਿਰੋਧ ਕਰਨਗੇ।
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਚੋਣ ਵਾਅਦੇ ਨਾਲ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਤੋਂ ਕਿਸਾਨ ਜ਼ਿਆਦਾ ਖ਼ੁਸ਼ ਨਹੀਂ ਜਾਪ ਰਹੇ। ਜਿੱਥੇ ਕਿਸਾਨ ਕਰਜ਼ ਮੁਆਫ਼ੀ ਵਾਲੀਆਂ ਸੂਚੀਆਂ ਵਿੱਚ ਗ਼ੈਰ ਲੋੜਵੰਦ ਕਿਸਾਨਾਂ ਦੇ ਨਾਂਅ ਆਉਣ ਤੋਂ ਦੁਖੀ ਹਨ ਉੱਥੇ ਕਿਸਾਨਾਂ ਘੱਟ ਕਰਜ਼ ਮੁਆਫੀ ਕਾਰਨ ਸੰਤੁਸ਼ਟ ਵੀ ਨਹੀਂ ਜਾਪ ਰਹੇ।