ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਸਕੀਮ ਤਹਿਤ ਕੱਲ੍ਹ ਨੂੰ ਮਾਨਸਾ ਵਿੱਚ ਵੱਡਾ ਸਮਾਗਮ ਰੱਖਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ 46000 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਸਰਟੀਫਿਕੇਟ ਵੰਡਣਗੇ।
ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸਿਰਫ਼ ਪੰਜ ਜ਼ਿਲਿਆਂ ਦੇ ਕਿਸਾਨਾਂ ਦਾ 167.69 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਪੰਜ ਜ਼ਿਲਿਆਂ ਦੀਆਂ ਸਹਿਕਾਰੀ ਸਭਾਵਾਂ ਤੋਂ 50-50 ਲਾਭਪਾਤਰੀਆਂ ਨੂੰ ਮੁੱਖ ਮੰਤਰੀ ਦੇ ਹੱਥੋਂ ਕਰਜ਼ਾ ਮੁਆਫ਼ੀ ਸਰਟੀਫਿਕੇਟ ਦਿੱਤੇ ਜਾਣਗੇ।
ਪ੍ਰੈੱਸ ਕਾਨਫ਼ਰੰਸ ਵਿੱਚ ਵਧੀਕ ਮੁੱਖ ਸਕੱਤਰ( ਸਹਿਯੋਗ) ਦੇ ਡੀਪੀ ਰੈਡੀ ਨੇ ਕਿਹਾ ਕਿ ਸਰਕਾਰ ਨੇ ਸਾਰੇ ਜ਼ਿਲਿਆਂ ਦੇ 1 ਲੱਖ 60 ਹਜ਼ਾਰ 783 ਯੋਗ ਕਰਜ਼ਦਾਰ ਕਿਸਾਨਾਂ ਦੀ ਤਸਦੀਕ ਪੂਰੀ ਹੋ ਚੁੱਕੀ ਹੈ। ਇਨ੍ਹਾਂ ਕਿਸਾਨਾਂ ਨੂੰ ਕੁੱਲ 748 ਕਰੋੜ ਰੁਪਏ ਕਰਜ਼ੇ ਦੀ ਛੋਟ ਦਿੱਤੀ ਜਾਵੇਗੀ। 7 ਜਨਵਰੀ ਤੋਂ ਬਾਅਦ ਬਾਕੀ ਸਾਰੇ ਜ਼ਿਲਿਆਂ ਦੇ ਕਿਸਾਨਾਂ ਨੂੰ ਵੀ ਕਰਜ਼ ਮੁਆਫ਼ੀ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੜਾਅ ਦਰ ਪੜਾਅ ਸੂਬੇ ਦੇ ਸਾਰੇ ਕਿਸਾਨਾਂ ਨੂੰ ਇਸ ਸਕੀਮ ਦਾ ਫ਼ਾਇਦਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਅਗਲੇ ਪੜਾਅ ਵਿੱਚ ਪਬਲਿਕ ਸੈਕਟਰ ਬੈਂਕਾਂ ਅਤੇ ਅਖੀਰ ਵਿੱਚ ਪ੍ਰਾਈਵੇਟ ਬੈਂਕਾਂ ਦੇ ਕਰਜ਼ਿਆਂ ਦੀ ਤਸਦੀਕ ਕਰ ਕੇ ਕਰਜ਼ਾ ਮੁਆਫ਼ੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਕਿਹੜੇ ਕਿਸਾਨਾਂ ਨੂੰ ਮਿਲੇਗਾ ਫ਼ਾਇਦਾ ?
ਸਕੀਮ ਤਹਿਤ 2-1/2 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਤੇ ਕਾਸ਼ਤਕਾਰ ਕਿਸਾਨਾਂ ਨੂੰ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ।
ਪਹਿਲੇ ਪੜਾਅ:- 5 ਜ਼ਿਲਿਆਂ ਦੇ ਕਿਸਾਨਾਂ ਨੂੰ ਸਰਟੀਫਿਕੇਟ ਵੰਡ ਕੇ ਸਕੀਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ ਜਾ ਰਹੀ ਹੈ।
ਦੂਜਾ ਪੜਾਅ:- ਜਿਨ੍ਹਾਂ ਕਿਸਾਨਾਂ ਕੋਲ ਆਧਾਰ ਕਾਰਡ ਨਹੀਂ ਸੀ, ਜਾਂ ਆਧਾਰ ਕਾਰਡ ਦੇ ਵੇਰਵੇ ਬੈਂਕ ਦੇ ਵੇਰਵਿਆਂ ਨਾਲ ਮੇਲ ਨਹੀਂ ਸੀ ਖਾਂਦੇ ਉਨ੍ਹਾਂ ਦੀ ਮੁੜ ਜਾਂਚ ਕਰ ਕੇ ਤੁਰੰਤ ਕਰਜ਼ਾ ਰਾਹਤ ਜਾਰੀ ਕਰ ਦਿੱਤੀ ਜਾਵੇਗੀ
ਤੀਜਾ ਪੜਾਅ:- ਦੂਜਾ ਪੜਾਅ ਦੇ ਮੁਕੰਮਲ ਉਪਰੰਤ ਛੋਟੇ ਕਿਸਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ, ਜਾਂਚ ਉਪਰੰਤ ਕਰਜ਼ਾ ਰਾਹਤ ਜਾਰੀ ਕਰ ਦਿੱਤੀ ਜਾਵੇਗੀ।
ਚੌਥਾ ਪੜਾਅ:-ਤਿੰਨੇ ਪੜਾਵਾਂ ਚੋਂ ਕਿਸੇ ਕਾਰਨ ਰਹਿ ਗਏ ਯੋਗ ਕਿਸਾਨਾਂ ਦੀ ਮੁੜ ਜਾਂਚ ਉਪਰੰਤ ਕਰਜ਼ਾ ਰਾਹਤ ਦਿੱਤੀ ਜਾਵੇਗੀ।
ਸਹਿਕਾਰੀ ਬੈਂਕਾਂ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਕਿ ਜੇ ਕੋਈ ਸੀਮਾਂਤ ਜਾਂ ਛੋਟਾ ਕਿਸਾਨ ਰਾਹਤ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਹ ਜ਼ਿਲ੍ਹੇ ਦੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਜਾਂ ਸਬ ਡਵੀਜ਼ਨ ਮੈਜਿਸਟਰੇਟ ਕੋਲ ਆਪਣੀ ਦਰਖਾਸਤ ਦੇ ਸਕਦਾ ਹੈ ਜਿਸ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ।