ਮਾਨਸਾ: ਪੰਜਾਬ ਸਰਕਾਰ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦੀ ਜ਼ਮੀਨ ਨਿਲਾਮ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਮਾਮਲਾ ਪਿੰਡ ਮਲਕਪੁਰ ਖਿਆਲਾਂ ਦੇ ਕਿਸਾਨ ਖੇਤਾ ਸਿੰਘ ਨਾਲ ਵਾਪਰਿਆ ਪਰ ਕਿਸਾਨਾਂ ਦੇ ਏਕੇ ਨੇ ਜ਼ਮੀਨ ਨਿਲਾਮ ਹੋਣ ਤੋਂ ਬਚਾਅ ਲਈ ਹੈ।
ਕਿਸਾਨ ਵੱਲ਼ੋਂ ਲਏ 33 ਹਜ਼ਾਰ ਰੁਪਏ ਦੇ ਬਦਲੇ ਉਸਦੀ ਡੇਢ ਕਿੱਲਾ ਜ਼ਮੀਨ ਪਿੰਡ ਦੇ ਕਿਸਾਨ ਵੱਲੋਂ ਹੀ ਨਿਲਾਮ ਕੀਤੀ ਜਾਣੀ ਸੀ। ਪਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਇਸ ਕਾਰਵਾਈ ਦਾ ਪਟਵਾਰਖਾਨੇ ਵਿੱਚ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਰੋਸ ਕਾਰਨ ਕੋਈ ਅਧਿਕਾਰੀ ਮੌਕੇ ਉੱਤੇ ਨਾ ਪਹੁੰਚਿਆ ਤੇ ਜ਼ਮੀਨ ਨਿਲਾਮ ਹੋਣ ਤੋਂ ਬਚ ਗਈ।
ਕਿਸਾਨਾ ਨੂੰ ਸਬੋਧਨ ਕਰਦਿਆਂ ਜਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਖਿਆਲਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਕਰਜ਼ਾ ਕੁਰਕੀ ਖ਼ਤਮ – ਫ਼ਸਲ ਦੀ ਪੂਰੀ ਰਕਮ’ ਦਾ ਲੁਭਾਊ ਨਾਅਰਾ ਦੇ ਕੇ ਵਜੂਦ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਰਾਜ ਵਿੱਚ ਅੱਜ ਵੀ ਨਿਲਾਮੀਆਂ ਤੇ ਖੁਦਕੁਸ਼ੀਆਂ ਹੋ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕਰਜੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਜਮੀਨ ਘਰ ਨੂੰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਠਿੰਡਾ, ਫ਼ਰੀਦਕੋਟ, ਮੁਕਤਸਰ ਅਤੇ ਮੋਗਾ ਦੇ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਦਾ ਸਹਿਕਾਰੀ ਫ਼ਸਲੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਉਸ ਵਿਚ ਵੀ ਧਾਂਦਲੀਆ ਕਰਕੇ ਸੂਚੀਆਂ ਤਿਆਰ ਕਰਨ ਵਿਚ ਸਿਫਾਰਸ਼ਾਂ ਤੇ ਦਸ ਬਾਰਾਂ ਏਕੜ ਦੇ ਕਿਸਾਨਾ ਨੂੰ ਕਰਜੇ ਮੁਆਫੀ ਸਕੀਮ ਤਹਿਤ ਲਿਆ ਕੇ ਅਸਲ ਹੱਕ ਦੇ ਢਾਈ ਏਕੜ ਵਾਲੇ ਕਿਸਾਨਾਂ ਨੂੰ ਬਾਹਰ ਕੀਤਾ ਗਿਆ ਹੈ।