ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਪਾਸਾਰ ਸਿੱਖਿਆ ਵੱਲੋਂ ਰਾਜ ਭਰ ਦੇ ਕਿਸਾਨਾਂ ਤੋਂ ਮਾਰਚ 2020 ਵਿੱਚ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਐਵਾਰਡ ਮਾਰਚ 2020 ਦੇ ਪੀਏਯੂ ਕਿਸਾਨ ਮੇਲੇ ਦੌਰਾਨ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਦਿੱਤੇ ਜਾਣਗੇ। ਫਾਰਮ ਨਿਰਦੇਸ਼ਕ ਪਾਸਾਰ ਸਿੱਖਿਆ ਪੀਏਯੂ ਦੇ ਦਫ਼ਤਰ ਪਹੁੰਚਾਉਣ ਦੀ ਆਖਰੀ ਮਿਤੀ 10 ਜਨਵਰੀ ਹੈ।

ਨਿਰਦੇਸ਼ਕ ਪਾਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਕੁੱਲ ਛੇ ਵਰਗਾਂ ਵਿੱਚ ਐਵਾਰਡ ਦਿੱਤੇ ਜਾਣੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਮੁੱਖ ਮੰਤਰੀ ਖੇਤੀ ਐਵਾਰਡ (25,000 ਰੁਪਏ ਤੇ ਪ੍ਰਸ਼ੰਸਾ ਪੱਤਰ) ਮੁੱਖ ਫ਼ਸਲਾਂ ਦੀ ਖੇਤੀ ਕਰਨ ਵਿੱਚ ਪੰਜਾਬ ਦੇ ਮੋਹਰੀ ਕਿਸਾਨ ਨੂੰ ਦਿੱਤਾ ਜਾਵੇਗਾ। ਦੂਜਾ, ਮੁੱਖ ਮੰਤਰੀ ਬਾਗਬਾਨੀ ਐਵਾਰਡ (25,000 ਰੁਪਏ ਤੇ ਪ੍ਰਸ਼ੰਸਾ ਪੱਤਰ), ਬਾਗਬਾਨੀ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਉੱਦਮੀ ਕਿਸਾਨ ਨੂੰ ਦਿੱਤਾ ਜਾਵੇਗਾ।

ਸੀਆਰਆਈ ਪੰਪਸ ਵੱਲੋਂ ਤਿੰਨ ਹੋਰ ਇਨਾਮ (10,000 ਰੁਪਏ ਤੇ ਪ੍ਰਸ਼ੰਸਾ ਪੱਤਰ) ਦਿੱਤੇ ਜਾਣਗੇ ਜਿਨ੍ਹਾਂ ਵਿੱਚੋਂ ਪਹਿਲਾ ਵਿਕਸਿਤ ਪਾਣੀ ਪ੍ਰਬੰਧ ਤਕਨੀਕ ਅਪਣਾਉਣ, ਦੂਜਾ ਵਿਕਸਿਤ ਖੇਤ ਮਸ਼ੀਨਰੀ ਅਪਨਾਉਣ ਵਾਲੇ ਤੇ ਤੀਜਾ ਜੈਵਿਕ ਖੇਤੀ ਨਾਲ ਜੁੜੇ ਕਿਸਾਨ ਲਈ ਹੈ। ਛੇਵਾਂ ਇਨਾਮ ਸਰਦਾਰਨੀ ਪ੍ਰਕਾਸ਼ ਕੌਰ ਸਰਾ ਯਾਦਗਾਰੀ ਐਵਾਰਡ ਖੇਤੀ (5,000 ਰੁਪਏ ਅਤੇ ਪ੍ਰਸ਼ੰਸਾ ਪੱਤਰ), ਬਾਗਬਾਨੀ, ਫੁੱਲਾਂ ਦੀ ਖੇਤੀ ਤੇ ਸਹਾਇਕ ਧੰਦਿਆਂ ’ਚ ਮੋਹਰੀ ਕਿਸਾਨਾਂ ਨੂੰ ਦਿੱਤਾ ਜਾਵੇਗਾ।

ਮਾਹਲ ਨੇ ਦੱਸਿਆ ਕਿ ਚਾਹਵਾਨ ਕਿਸਾਨ ਪੀ.ਏ.ਯੂ. ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ, ਖੇਤਰੀ ਖੋਜ ਸਟੇਸ਼ਨ ਦੇ ਨਿਰਦੇਸ਼ਕ, ਜ਼ਿਲ੍ਹਾ ਪਾਸਾਰ ਮਾਹਿਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਦੇ ਡਿਪਟੀ ਡਾਇਰੈਕਟਰ ਤੇ ਪੀਏਯੂ ਦੇ ਪਾਸਾਰ ਸਿੱਖਿਆ ਡਾਇਰੈਕਟੋਰੇਟ ਤੋਂ ਇਹ ਫਾਰਮ ਹਾਸਲ ਕਰ ਸਕਦੇ ਹਨ।