ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਸੀਜ਼ਨ ਜ਼ੋਰਾਂ ਉੱਤੇ ਹੈ, ਜਿੱਥੇ ਇੱਕ ਪਾਸੇ ਲੋਕ ਲੱਖਾਂ ਰੁਪਏ ਵਹਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਮਾਜ ਦੇ ਕੁਝ ਜਾਗਰੂਕ ਨੌਜਵਾਨਾਂ ਦਾ ਵਿਆਹ ਮਿਸਾਲ ਬਣ ਜਾਂਦਾ ਹੈ। ਅਜਿਹੀ ਹੀ ਮਿਸਾਲ ਨਵਾਂ ਸ਼ਹਿਰ ਦੇ ਕਸਬਾ ਰਾਹੋਂ ਦੇ ਨਜ਼ਦੀਕੀ ਪਿੰਡ ਗੜ੍ਹੀ ਫ਼ਤਿਹ ਖਾਂ ਦੇ ਨੌਜਵਾਨ ਲਖਵਿੰਦਰ ਸਿੰਘ ਨੇ ਬਲਾਚੌਰ ਦੀ ਰਹਿਣ ਵਾਲੀ ਦਵਿੰਦਰ ਕੌਰ ਨਾਲ ਲਾਵਾਂ ਲੈ ਕੇ ਕਾਇਮ ਕੀਤੀ ਹੈ।

ਲਖਵਿੰਦਰ ਸਿੰਘ ਪੇਸ਼ ਤੋਂ ਆਰ.ਐਮ.ਪੀ. ਡਾਕਟਰ ਹੈ। ਉਹ ਜਦੋਂ ਦੁਹਲਾ ਬਣ ਕੇ ਬਲਾਚੌਰ ਦੀ ਰਹਿਣ ਵਾਲੀ ਦਵਿੰਦਰ ਕੌਰ ਦੇ ਘਰ ਬਾਰਾਤ ਲੈ ਕੇ ਗਿਆ ਤਾਂ ਬਾਰਾਤ ਦੇ ਸੁਆਗਤ ਵਿੱਚ ਖੜ੍ਹੇ ਲੋਕ ਹੈਰਾਨ ਹੋ ਗਏ। ਅਕਸਰ ਬਾਰਾਤੀ ਬੱਸ ਤੇ ਕਾਰਾਂ ਉੱਤੇ ਆਉਂਦੇ ਹਨ ਪਰ ਇਹ ਦੁਹਲਾ ਰਿਕਸ਼ੇ ਉੱਤੇ ਸੀ। ਲਾਵਾਂ ਤੋਂ ਬਾਅਦ ਦੁਲਹਣ ਦੀ ਵਿਦਾਈ ਵੀ ਡੋਲੀ ਵਿੱਚ ਨਹੀਂ ਰਿਕਸ਼ੇ ਵਿੱਚ ਕੀਤੀ ਗਈ। ਰਾਤ ਨੂੰ ਜਦੋਂ ਡੌਲੀ ਪਿੰਡ ਪਹੁੰਚੀ ਤਾਂ ਲੋਕਾਂ ਨੇ ਡੌਲੀ ਦਾ ਸੁਆਗਤ ਕੁਝ ਵੱਖਰੇ ਤਰੀਕੇ ਨਾਲ ਕੀਤਾ।


ਨੇੜੇ ਦੇ ਪਿੰਡ ਦੇ ਲੋਕ ਵੀ ਇਸ ਡੌਲੀ ਨੂੰ ਦੇਖਣ ਪਹੁੰਚੇ ਸਨ। ਇੰਨਾ ਹੀ ਨਹੀਂ ਅਗਲੇ ਦਿਨ ਰਿਸੈਪਸ਼ਨ ਦੇ ਨਾਮ ਉੱਤੇ ਬਲੱਡ ਡੋਨੇਸ਼ਨ ਕੈਂਪ ਲਾਇਆ। ਜਿੱਥੇ ਲੋਕ ਵਧਾਈ ਦੇਣ ਦੇ ਨਾਲ-ਨਾਲ ਖ਼ੂਨਦਾਨ ਕਰ ਰਹੇ ਸਨ। ਇਸ ਖ਼ੂਨਦਾਨ ਕੈਂਪ ਵਿੱਚ 30 ਦੇ ਕਰੀਬ ਨੌਜਵਾਨਾਂ ਨੇ ਖ਼ੂਨ ਦਾਨ ਕੀਤਾ। ਦੁਹਲੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਕਸ਼ੇ 'ਤੇ ਡੌਲੀ ਲੈ ਕੇ ਆਉਣ ਦਾ ਸੁਫ਼ਨਾ ਪੂਰਾ ਹੋ ਗਿਆ ਹੈ। ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਮਾਪਿਆਂ ਦੇ ਨਾਲ ਉਸ ਦੀ ਪਤਨੀ ਨੇ ਪੂਰਾ ਸਾਥ ਦਿੱਤਾ।
ਉਨ੍ਹਾਂ ਦੱਸਿਆ ਕਿ ਉਹ ਦਹੇਜ ਪ੍ਰਥਾ ਨਾਲ ਹੋ ਰਹੀਆਂ ਮੌਤਾਂ ਤੋਂ ਕਾਫ਼ੀ ਫ਼ਿਕਰਮੰਦ ਹੈ। ਉਸ ਦਾ ਅਜਿਹਾ ਵਿਆਹ ਦਾ ਮਕਸਦ ਸਮਾਜ ਨੂੰ ਪ੍ਰੇਰਨਾ ਦੇਣਾ ਹੈ। ਦੁਲਹਣ ਦਵਿੰਦਰ ਕੌਰ ਵੀ ਇੱਕ ਸੋਸ਼ਲ ਤੇ ਆਂਗਣਵਾੜੀ ਵਰਕਰ ਹੈ। ਉਨ੍ਹਾਂ ਨੂੰ ਆਪਣੇ ਪਤੀ ਦੀ ਸੋਚ ਉੱਤੇ ਫਕਰ ਹੈ। ਉਸ ਨੂੰ ਆਪਣੇ ਪਤੀ ਦੇ ਰਿਕਸ਼ੇ ਉੱਤੇ ਬਾਰਾਤ ਲੈ ਕੇ ਆਉਣ 'ਤੇ ਮਾਣ ਹੈ। ਉਨ੍ਹਾਂ ਮੁਤਾਬਕ ਅੱਜ ਦੇ ਜ਼ਮਾਨੇ ਵਿੱਚ ਲੋਕ ਕਰਜ਼ਾ ਚੁੱਕ ਕੇ ਵਿਆਹ ਕਰਦੇ ਹਨ। ਬਾਅਦ ਵਿੱਚ ਪ੍ਰੇਸ਼ਾਨ ਹੋ ਜਾਂਦੇ ਹਨ।
ਲਖਵਿੰਦਰ ਦੀ ਮਾਤਾ ਨੂੰ ਵੀ ਆਪਣੇ ਬੇਟੇ ਉੱਤੇ ਮਾਣ ਹੈ। ਉਨ੍ਹਾਂ ਨੇ ਕਰਜ਼ਾ ਚੁੱਕੇ ਵਿਆਹ ਕਰਨ ਦੀ ਥਾਂ ਉਸ ਦੇ ਬੇਟੇ ਨੇ ਸਾਦੇ ਢੰਗ ਨਾਲ ਵਿਆਹ ਕਰਨ ਨਾਲ ਉਸ ਨੂੰ ਬਹੁਤ ਖ਼ੁਸ਼ੀ ਹੈ। ਪਿੰਡ ਵਾਸੀ ਵੀ ਲਖਵਿੰਦਰ ਦੀ ਸੋਚ ਨੂੰ ਸਲੂਟ ਕਰ ਰਹੇ ਹਨ। ਲੋਕਾਂ ਮੁਤਾਬਕ ਲਖਵਿੰਦਰ ਨੇ ਪਿੰਡ ਵਿੱਚ ਨਵੀਂ ਸ਼ੁਰੂਆਤ ਕੀਤੀ ਹੈ ਜੋ ਕਿ ਉਨ੍ਹਾਂ ਲਈ ਪ੍ਰੇਰਣਾਦਾਇਕ ਹੈ। ਲੋਕ ਵੀ ਘੱਟ ਖ਼ਰਚੇ ਨਾਲ ਸਾਦੇ ਵਿਆਹ ਕਰਨਗੇ।