ਚੰਡੀਗੜ੍ਹ : ਕੋਟਕਪੂਰਾ ਦੇ ਸਥਾਨਕ ਫਰੀਦਕੋਟ ਰੋਡ ਸਥਿਤ ਬੈਂਕ ਦੇ ਸਾਹਮਣੇ ਇਕ ਕਿਸਾਨ ਤੋਂ ਅਣਪਛਾਤੇ ਇਨੋਵਾ ਸਵਾਰ ਵਿਅਕਤੀਆਂ ਵੱਲੋਂ ਕਿਸਾਨ 'ਤੇ ਹਮਲਾ ਕਰ ਕੇ ਸਾਢੇ ਨੌ ਲੱਖ ਰੁਪਏ ਦੀ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਹਰੀਕੇ ਕਲਾਂ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਰੋਡ 'ਤੇ ਸਥਿਤ ਐੱਚਡੀਐੱਫ਼ਸੀ ਬੈਂਕ 'ਚੋਂ ਆਪਣੀ ਲੜਕੀ ਦੇ ਵਿਆਹ ਲਈ ਸਾਢੇ ਨੌਂ ਲੱਖ ਰੁਪਏ ਕੱਢਵਾ ਕੇ ਬਾਹਰ ਖੜ੍ਹੀ ਆਪਣੀ ਸਵਿਫਟ ਕਾਰ 'ਤੇ ਸਵਾਰ ਹੋਣ ਲੱਗਾ ਸੀ ਕਿ ਅਚਾਨਕ ਇਕ ਸਫੈਦ ਰੰਗ ਦੀ ਇਨੋਵਾ ਕਾਰ ਉਸ ਕੋਲ ਆ ਕੇ ਰੁਕੀ। ਜਿਸ ਵਿਚੋਂ ਦੋ ਅਣਪਛਾਤੇ ਵਿਅਕਤੀ ਉਤਰੇ ਤੇ ਲੁੱਟ ਖੋਹ ਕਰਨ ਲਈ ਕਿਸਾਨ 'ਤੇ ਪਿਸਤੌਲ ਨਾਲ ਫਾਇਰ ਕਰਕੇ ਹਮਲਾ ਕਰ ਦਿੱਤਾ। ਪਰੰਤੂ ਫਾਇਰ ਕਾਰ ਦੇ ਸ਼ੀਸ਼ੇ 'ਚ ਜਾ ਲੱਗਾ ਜਿਸ ਕਾਰਨ ਕਿਸਾਨ ਦੀ ਜਾਨ ਬਚ ਗਈ।
ਇਸ ਘਟਨਾ ਵਿਚ ਕਾਰ ਵਿਚ ਪਏ ਸਫੈਦ ਲਿਫਾਫ਼ੇ ਵਿਚ ਸਾਢੇ ਨੌਂ ਲੱਖ ਰੁਪਏ ਲੈ ਕੇ ਵਿਅਕਤੀ ਫਰਾਰ ਹੋ ਗਏ। ਸੂਚਨਾ ਮਿਲਦਿਆਂ ਥਾਣਾ ਸਿਟੀ ਦੇ ਏਐੱਸਆਈ ਗੁਰਬਿੰਦਰ ਸਿੰਘ ਭਲਵਾਨ, ਗੁਰਜੰਟ ਸਿੰਘ ਨੇ ਘਟਨਾ ਦੀ ਜਾਂਚ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਵਿਕਾਸ ਖੁੰਗਰ ਨੇ ਕਿਹਾ ਕਿ ਉਹ ਲੁਟੇਰਿਆਂ ਨੂੰ ਕਾਬੂ ਕਰਨ ਲਈ ਜਾਂਚ ਵਿਚ ਪੁਲਿਸ ਦਾ ਪੂਰਾ ਸਹਿਯੋਗ ਕਰ ਰਹੇ ਹਾਂ।
ਪੁਲਿਸ ਸੂਤਰਾਂ ਅਨੁਸਾਰ ਜਿਸ ਇਨੋਵਾ ਗੱਡੀ 'ਤੇ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦਾ ਨੰਬਰ ਟਰੇਸ ਹੋ ਗਿਆ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਹਰ ਪਾਸੇ ਨਾਕਾਬੰਦੀ ਕੀਤੀ ਗਈ ਹੈ। ਇਸ ਸਬੰਧੀ ਡੀਐੱਸਪੀ ਮਨਵਿੰਦਰਬੀਰ ਸਿੰਘ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਜਲਦੀ ਹੀ ਪੁਲਿਸ ਹਿਰਾਸਤ 'ਚ ਹੋਣਗੇ।