ਚੰਡੀਗੜ੍ਹ: ਬਠਿੰਡਾ ਥਰਮਲ ਨੂੰ ਪਰਾਲੀ 'ਤੇ ਚਲਾਏ ਜਾਣ ਸਬੰਧੀ ਅੱਜ ਕੋਈ ਫੈਸਲਾ ਆ ਸਕਦਾ ਹੈ। ਕੌਮੀ ਗਰੀਨ ਟ੍ਰਿਬਿਊਨਲ ਵਿੱਚ ਅੱਜ ਬਠਿੰਡਾ ਥਰਮਲ ਦੇ ਮਾਮਲੇ ’ਤੇ ਸੁਣਵਾਈ ਹੋਵੇਗੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੁਣਵਾਈ ਤੋਂ ਪਹਿਲਾਂ ਹਾਲ ਹੀ ਵਿੱਚ 7 ਅਗਸਤ ਨੂੰ ਆਪਣਾ ਜੁਆਬ ਦਾਅਵਾ ਦੇ ਦਿੱਤਾ ਹੈ। ਦੂਜੇ ਪਾਸੇ ਪਾਵਰਕੌਮ ਕੋਈ ਜੁਆਬ ਦੇਣ ਤੋਂ ਹਾਲੇ ਟਾਲਾ ਵੱਟ ਰਿਹਾ ਹੈ। ਪੰਜਾਬ ਊਰਜਾ ਵਿਕਾਸ ਏਜੰਸੀ ਨੇ ਵੀ ਇਸੇ ਤਰ੍ਹਾਂ ਹੀ ਕੌਮੀ ਟ੍ਰਿਬਿਊਨਲ ਕੋਲ ਆਪਣਾ ਪੱਖ ਨਹੀਂ ਰੱਖਿਆ ਹੈ।

ਦੱਸਣਯੋਗ ਹੈ ਕਿ ਸੇਵਾ ਮੁਕਤ ਇੰਜਨੀਅਰ ਦਰਸ਼ਨ ਸਿੰਘ ਤਰਫ਼ੋਂ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਏ ਜਾਣ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਕੋਲ ਪਟੀਸ਼ਨ (ਓਏ 1039 ਆਫ਼ 2019) ਦਾਇਰ ਕੀਤੀ ਸੀ, ਜਿਸ ’ਤੇ ਟ੍ਰਿਬਿਊਨਲ ਨੇ 27 ਜਨਵਰੀ ਨੂੰ ਪਾਵਰਕੌਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ।

ਕੌਮੀ ਟ੍ਰਿਬਿਊਨਲ ਨੇ ਇਨ੍ਹਾਂ ਧਿਰਾਂ ਨੂੰ 3 ਅਪਰੈਲ 2020 ਤੱਕ ਜੁਆਬ ਦੇਣ ਲਈ ਆਖਿਆ ਸੀ। ਨੋਟਿਸ ਦੇ ਮਗਰੋਂ ਹੀ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ 13 ਫਰਵਰੀ 2020 ਨੂੰ ਬਠਿੰਡਾ ਥਰਮਲ ਦੀ ਜ਼ਮੀਨ ਪੂਡਾ ਨੂੰ ਸੌਂਪਣ ਦਾ ਮਤਾ ਪਾਸ ਕਰ ਦਿੱਤਾ ਸੀ।