ਚੰਡੀਗੜ੍ਹ: ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਦੇਸ਼ਵਿਆਪੀ ਸੱਦੇ ‘ਤੇ ਅੱਜ ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਲੋਕ ਸਭਾ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਤੱਕ ਵਾਹਨ ਮਾਰਚ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਤੇ ਬਿਜਲੀ ਐਕਟ 2020 ਨੂੰ ਰੱਦ ਕਰਵਾਉਣ, ਤੇਲ ਕੀਮਤਾਂ ਘਟਾਉਣ, ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ, ਕਿਸਾਨ ਕਰਜ਼ਿਆਂ ‘ਤੇ ਲੀਕ ਮਰਵਾਉਣ ਸਬੰਧੀ ਕੀਤੇ ਜਾ ਰਹੇ ਇਨ੍ਹਾਂ ਮਾਰਚਾਂ ਦੌਰਾਨ ਲੋਕ ਨੁਮਾਇੰਦਿਆਂ ਨੂੰ ਪ੍ਰਧਾਨ ਮੰਤਰੀ ਦੇ ਨਾਮ ਨੌਂ ਸੂਤਰੀ ਮੰਗ ਪੱਤਰ ਦਿੱਤਾ ਜਾਵੇਗਾ।


ਸੰਗਠਨ ਦੇ ਸੂਬਾਈ ਕਨਵੀਨਰ ਡਾ. ਦਰਸ਼ਨਪਾਲ ਨੇ ਮੁਤਾਬਕ ਵਾਹਨ ਮਾਰਚਾਂ ਦੀ ਅਗਵਾਈ ਇਨ੍ਹਾਂ ਦਸ ਜਥੇਬੰਦੀਆਂ ਨਾਲ਼ ਸਬੰਧਤ ਲੀਡਰ ਕਰ ਰਹੇ ਹਨ, ਜਿਨ੍ਹਾਂ ਵਿੱਚ ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਸਤਨਾਮ ਅਜਨਾਲਾ, ਭੁਪਿੰਦਰ ਸਾਂਭਰ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਇੰਦਰਜੀਤ ਸਿੰਘ ਕੋਟਬੁੱਢਾ, ਹਰਜਿੰਦਰ ਟਾਂਡਾ ਤੇ ਗੁਰਬਖ਼ਸ਼ ਸਿੰਘ ਬਰਨਾਲਾ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦਿਆਂ ਨੂੰ ਇਹ ਗੱਲ ਜੋਰ ਦੇ ਕੇ ਆਖੀ ਜਾ ਰਹੀ ਹੈ ਕਿ ਉਹ ਕੇਂਦਰ ’ਤੇ ਦਬਾਅ ਪਾ ਕੇ ਕਿਸਾਨੀ ਮਸਲਿਆਂ ਦਾ ਹੱਲ ਕਰਵਾਉਣ। ਜੇਕਰ ਅਜਿਹਾ ਨਾ ਕਰਵਾ ਸਕੇ, ਤਾਂ ਇਨ੍ਹਾਂ ਲੋਕ ਨੁਮਾਇੰਦਿਆਂ ਖ਼ਿਲਾਫ਼ ਵੀ ਮੁਹਿੰਮ ਵਿੱਢੀ ਜਾਵੇਗੀ। ਇਸ ਸੰਘਰਸ਼ ‘ਚ ਹਿੱਸਾ ਲੈਣ ਵਾਲ਼ੀਆਂ ਜਥੇਬੰਦੀਆਂ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ, ਕਿਸਾਨ ਯੂਨੀਅਨ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ), ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਸ਼ਾਮਲ ਹਨ।