ਚੰਡੀਗੜ੍ਹ: ਭਾਰਤ ਦੌਰੇ 'ਤੇ ਆ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੇ ਭਾਰਤੀ ਹਮਰੁਤਬਾ ਤੇ ਦੋਸਤ ਨਰਿੰਦਰ ਮੋਦੀ ਨੂੰ ਖ਼ਾਸ ਜੀਪ ਤੋਹਫ਼ਾ ਵਜੋਂ ਦੇਣਗੇ। ਇਹ ਜੀਪ ਪੰਜਾਬ ਦੇ ਮਾਲਵੇ ਇਲਾਕੇ ਲਈ ਵਰਦਾਨ ਸਾਬਤ ਹੋ ਸਕਦੀ ਹੈ।

ਜੀ ਹਾਂ, ਮਜ਼ਾਕ ਨਹੀਂ ਕਰ ਰਹੇ ਇਹ ਸੱਚ ਹੈ। ਅਸਲ ਵਿੱਚ ਇਹ ਗੇਲ ਮੋਬਾਈਲ ਜੀਪ ਹੈ ਜਿਹੜੀ ਖਾਰੇ ਪਾਣੀ ਨੂੰ ਪੀਣਯੋਗ ਬਣਾਉਂਦੀ ਹੈ। ਇਹ ਜੀਪ ਰੋਜ਼ਾਨਾ 20 ਹਜ਼ਾਰ ਲੀਟਰ ਤਕ ਸਮੁੰਦਰੀ ਪਾਣੀ ਤੇ 80 ਹਜ਼ਾਰ ਲੀਟਰ ਤਕ ਨਦੀ ਦੇ ਦੂਸ਼ਿਤ ਪਾਣੀ ਨੂੰ ਪੀਣਯੋਗ ਬਣਾ ਸਕਦੀ ਹੈ। ਗੇਲ-ਮੋਬਾਈਲ ਜੀਪ ਪਾਣੀ ਨੂੰ ਸਾਫ਼ ਕਰਨ ਵਾਲਾ ਵਾਹਨ ਹੈ। ਇਸ ਤੋਂ ਉੱਚ ਗੁਣਵੱਤਾ ਵਾਲਾ ਪੀਣਯੋਗ ਪਾਣੀ ਤਿਆਰ ਕੀਤਾ ਜਾਂਦਾ ਹੈ। ਇਸ ਜੀਪ ਦੀ ਕੀਮਤ 1.11 ਲੱਖ ਡਾਲਰ (ਕਰੀਬ 70 ਲੱਖ ਰੁਪਏ) ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇਹ ਜੀਪ ਪਾਣੀ ਸਾਫ ਕਰਨ ਤੋਂ ਇਲਾਵਾ ਹੜ੍ਹ, ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਤੇ ਦੂਰਦੁਰਾਡੇ ਇਲਾਕਿਆਂ ਵਿੱਚ ਫ਼ੌਜ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਨਾਲ ਪੇਂਡੂ ਇਲਾਕਿਆਂ ਵਿੱਚ ਵੀ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਖਾਰੇ ਪਾਣੀ ਦ ਸਮੱਸਿਆ ਹੈ ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਜੇਕਰ ਇਹ ਜੀਪ ਪੰਜਾਬ ਵਿੱਚ ਆ ਜਾਵੇ ਤਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਹੈ।

ਬੈਂਜਾਮਿਨ ਨੇਤਨਯਾਹੂ ਮੋਦੀ ਨੂੰ ਇਹ ਜੀਪ ਭੇਟ ਕਰਨਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਚਾਰ ਰੋਜ਼ਾ ਦੌਰੇ 'ਤੇ 14 ਜਨਵਰੀ ਨੂੰ ਭਾਰਤ ਪੁੱਜਣਗੇ।
ਮੋਦੀ ਜਦੋਂ ਪਿਛਲੇ ਸਾਲ ਜੁਲਾਈ ਵਿਚ ਇਜ਼ਰਾਈਲ ਦੌਰੇ 'ਤੇ ਗਏ ਸਨ ਤਾਂ ਨੇਤਨਯਾਹੂ ਨਾਲ ਰਾਜਧਾਨੀ ਤਲ ਅਵੀਵ ਤੋਂ ਹਾਈਫਾ ਜਾਂਦੇ ਸਮੇਂ ਓਲਗਾ ਸਮੁੰਦਰ ਤੱਟ 'ਤੇ ਰੁਕੇ ਸਨ। ਉੱਥੇ ਉਨ੍ਹਾਂ ਨੇ ਗੇਲ-ਮੋਬਾਈਲ ਵਾਟਰ ਡਿਸੇਲੀਨੇਸ਼ਨ ਐਂਡ ਪਿਊਰੀਫਿਕੇਸ਼ਨ ਜੀਪ ਵੇਖੀ ਸੀ। ਮੋਦੀ ਦੌਰੇ ਸਮੇਂ ਇਸ ਜੀਪ ਤੋਂ ਸਾਫ਼ ਕੀਤੇ ਹੋਏ ਸਮੁੰਦਰੀ ਪਾਣੀ ਨੂੰ ਪੀ ਕੇ ਵੇਖਿਆ ਸੀ।

ਉਨ੍ਹਾਂ ਨੇ ਇਸ ਜੀਪ ਰਾਹੀਂ ਸਮੁੰਦਰੀ ਤੱਟ ਦੀ ਸੈਰ ਕੀਤੀ ਸੀ। ਇਸ ਦੌਰਾਨ ਖ਼ੁਦ ਨੇਤਨਯਾਹੂ ਜੀਪ ਚਲਾ ਰਹੇ ਸਨ। ਮੋਦੀ ਨੇ ਇਸ ਜੀਪ ਦੀ ਖੂਬੀ ਨੂੰ ਵੇਖਦੇ ਹੋਏ ਬਾਅਦ ਵਿਚ ਕਿਹਾ ਸੀ ਕਿ ਇਹ ਵਾਹਨ ਖ਼ਾਸ ਤੌਰ 'ਤੇ ਕੁਦਰਤੀ ਆਫ਼ਤ ਸਮੇਂ ਪਾਣੀ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾ ਸਕਦਾ ਹੈ।