ਚੰਡੀਗੜ੍ਹ: ਪੰਜਾਬ ਸਰਕਾਰ ਦੀ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਸੂਚੀ ਵਿੱਚ ਨਵੇਂ ਤੋਂ ਨਵੇਂ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਘਮਰੌਦਾ ਵਿੱਚ ਹੋਇਆ, ਜਿੱਥੋਂ ਦੇ ਕਿਸਾਨ ਬਲਵਿੰਦਰ ਸਿੰਘ ਦਾ ਕਰਜ਼ਾ ਮੁਆਫੀ ਸੂਚੀ ਵਿੱਚ ਸਿਰਫ ਸੱਤ ਰੁਪਏ ਕਰਜ਼ਾ ਮੁਆਫ ਹੋਇਆ ਹੈ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਸੁਸਾਇਟੀ ਤੋਂ 41,700 ਰੁਪਏ ਦਾ ਕਗਜ਼ਾ ਲਿਆ ਸੀ। ਜਦੋਂ ਹੁਣ ਨਵੇਂ ਸਾਲ 'ਤੇ ਕਰਜ਼ਾ ਮੁਆਫੀ ਦੀ ਲਿਸਟ ਆਈ ਤਾਂ ਸਰਕਾਰ ਨੇ ਉਸ ਵਿੱਚ 7 ਰੁਪਏ ਕਰਜ਼ਾ ਮੁਆਫ ਕਰਕੇ ਉਸ ਨਾਲ ਕੋਝਾ ਮਜ਼ਾਕ ਕੀਤਾ। ਉਸ ਨੇ ਤੁਰੰਤ ਇਹ ਮਸਲਾ ਸੁਸਾਇਟੀ ਦੇ ਸਕੱਤਰ ਕੋਲ ਉਠਾਇਆ, ਜਿਸ ਨੇ ਉਸ ਨੂੰ ਐਸ.ਡੀ.ਐਮ. ਨਾਭਾ ਦੇ ਦਫ਼ਤਰ ਭੇਜ ਦਿੱਤਾ। ਅੱਗੇ ਉਨ੍ਹਾਂ ਉਸ ਦਾ ਕੇਸ ਤਹਿਸੀਲਦਾਰ ਦਫ਼ਤਰ ਨੂੰ ਰੈਫਰ ਕਰ ਦਿੱਤਾ।

ਉਨ੍ਹਾਂ ਨੇ ਫਾਈਲ ਨੂੰ ਲੋਕਲ ਪਟਵਾਰੀ ਕੋਲ ਭੇਜ ਦਿੱਤਾ। ਸਥਾਨਕ ਪਟਵਾਰੀ ਵੀ ਕੋਈ ਵਾਜ਼ਬ ਜਵਾਬ ਨਾ ਦੇ ਸਕਿਆ। ਇਸ ਤੋਂ ਬਾਅਦ ਉਹ ਮੁੜ ਤਹਿਸੀਲਦਾਰ ਦਫ਼ਤਰ ਗਏ। ਇਥੋਂ ਉਸ ਨੂੰ ਭਰੋਸਾ ਮਿਲਿਆ ਕਿ ਉਸ ਦਾ ਪੂਰਾ ਕਰਜ਼ਾ ਮੁਆਫ ਕਰਵਾਇਆ ਜਾਵੇਗਾ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਵੱਲ 62 ਹਜ਼ਾਰ ਰੁਪਏ ਦਾ ਕਰਜ਼ਾ ਹੈ, ਜਿਸ ਦਾ ਲਿਸਟ ਵਿਚ ਕਿਤੇ ਨਾਂ ਹੀ ਨਹੀਂ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਇਸ ਦਾ ਵਿਰੋਧ ਕਰੇਗੀ।