ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਸਾਨੀ ਮੁੱਦਿਆਂ 'ਤੇ ਕੈਪਟਨ ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੀ ਭਲਕੇ ਗੁਰਦਾਸਪੁਰ ਹੋਣ ਵਾਲੀ ਰੈਲੀ ਵਿੱਚ ਕਿਸਾਨਾਂ ਨੂੰ ਕੁਝ ਦੇ ਕੇ ਜਾਣ ਨਾ ਸਿਰਫ਼ ਜੁਮਲੇਬਾਜ਼ੀ ਕਰਨ। ਉਨ੍ਹਾਂ ਕਿਹਾ ਕਿ ਨਾ ਕੈਪਟਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤੇ ਨਾ ਮਨਪ੍ਰੀਤ ਬਾਦਲ ਖ਼ਜ਼ਾਨਾ ਮੰਤਰੀ, ਉਨ੍ਹਾਂ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨਾਲ ਉਹੀ ਵਾਅਦੇ ਕਰਨੇ ਚਾਹੀਦੇ ਸੀ, ਜੋ ਉਹ ਪੂਰੇ ਕਰ ਸਕਦੇ ਸਨ।
ਮਾਨ ਨੇ ਕਿਹਾ ਹੈ ਕਿ ਆਪਣੀ ਆਮਦਨ ਵਧਾਉਣ ਤੋਂ ਲੈ ਕੇ ਫ਼ਸਲ ਬੀਮਾ ਯੋਜਨਾ ਦੇ ਘਪਲੇ ਤਕ ਕਿਸਾਨਾਂ ਨੇ ਕਈ ਵਾਰ ਦਿੱਲੀ ਵਿੱਚ ਧਰਨੇ ਦਿੱਤੇ ਹਨ, ਪਰ ਪੀਐਮ ਮੋਦੀ ਨੇ ਇੱਕ ਵਾਰ ਵੀ ਜਾ ਕੇ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਮੋਦੀ ਜੀ ਪੰਜਾਬ ਆ ਰਹੇ ਹਨ, ਇਸ ਤੋਂ ਪਹਿਲਾਂ ਵੀ ਦੋ ਵਾਰ ਆਏ। ਜਿੱਥੇ ਪਹਿਲੀ ਵਾਰ ਉਨ੍ਹਾਂ ਨੂੰ ਬੰਨ੍ਹੀ ਪੱਗ ਪੰਜ ਮਿੰਟਾਂ ਵਿੱਚ ਹੀ ਉਤਾਰ ਦਿੱਤੀ, ਉੱਥੇ ਦੂਜੀ ਵਾਰ ਚਰਖਾ ਲੈ ਕੇ ਆਏ। ਮਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਚਰਖਾ ਨਹੀਂ ਕਰਜ਼ਾ ਮੁਕਤੀ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਇਸ ਵਾਰ ਪੰਜਾਬ ਆਉਣ ਤੇ ਕਿਸਾਨਾਂ ਨੂੰ ਕੋਈ ਵਿਸ਼ੇਸ਼ ਪੈਕੇਜ ਦੇ ਕੇ ਜਾਣ ਨਾ ਕਿ ਸਿਰਫ਼ ਜੁਮਲੇ। ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦਾ ਸਹੀ ਭਾਅ ਤੇ ਮੰਡੀਕਰਨ ਦਰੁਸਤ ਹੋਵੇ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੋਦੀ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਚੋਣ ਵਾਅਦੇ ਨਾਲ ਸੱਤਾ ਵਿੱਚ ਆਏ ਸਨ ਪਰ ਕਾਲੇ ਧਨ ਤੇ ਰੁਜ਼ਗਾਰ ਦੇ ਵਾਅਦਿਆਂ ਵਾਂਗ ਇਹ ਵੀ ਲਾਰਾ ਹੀ ਸਾਬਤ ਹੋਇਆ ਹੈ।
ਇਸ ਤੋਂ ਇਲਾਵਾ ਸੰਸਦ ਮੈਂਬਰ ਨੇ 1984 ਸਿੱਖ ਕਤਲੇਆਮ ਬਾਰੇ ਕਾਂਗਰਸ ਨੂੰ ਨਸੀਹਤ ਦਿੱਤੀ ਹੈ ਕਿ ਉਨ੍ਹਾਂ ਨੂੰ ਕਮਲ ਨਾਥ ਜਿਹੇ ਦਾਗ਼ੀ ਚਿਹਰੇ ਤੋਂ ਕਿਨਾਰਾ ਕਰਨਾ ਚਾਹੀਦਾ ਸੀ ਅਤੇ ਨਾਲ ਹੀ ਅਕਾਲੀ ਦਲ 'ਤੇ ਹਮਲਾ ਬੋਲਿਆ ਹੈ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਦਾ ਕਤਲੇਆਮ ਪੀੜਤਾਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਲਈ ਗਿਆ ਸੀ, ਜਿਸ ਨੂੰ ਭਗਵੰਤ ਮਾਨ ਨੇ ਵੋਟ ਬੈਂਕ ਦੀ ਸਿਆਸਤ ਕਰਾਰ ਦਿੱਤਾ ਹੈ। ਉਨ੍ਹਾਂ ਪੰਚਾਇਤੀ ਚੋਣਾਂ ਵਿੱਚ ਸ਼ਰ੍ਹੇਆਮ ਗੁੰਡਾਗਰਦੀ ਕੀਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਪਰ ਫਿਰ ਵੀ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਚੰਗੇ ਅਕਸ ਵਾਲੇ ਲੋਕ ਵੱਡੀ ਗਿਣਤੀ ਵਿੱਚ ਸਰਪੰਚ ਬਣੇ ਹਨ ਅਤੇ ਬਾਦਲਾਂ ਤੇ ਖਹਿਰਾ ਦੇ ਰਿਸ਼ਤੇਦਾਰਾਂ ਨੂੰ ਲੋਕਾਂ ਨੇ ਨਕਾਰ ਦਿੱਤਾ।