ਚੰਡੀਗੜ੍ਹ : ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਝੋਨੇ ਦੀ ਪਰਾਲੀ ਤੋਂ ਬਾਇਓ ਗੈਸ ਬਣਾਉਣ ਲਈ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਤਕਰੀਬਨ 1 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜਾਬ ਦਾ ਪਹਿਲਾ ਪਲਾਂਟ ਲਗਾਇਆ ਗਿਆ ਹੈ।
ਇਸ ਪ੍ਰੋਜੈਕਟ ਨਾਲ ਕਿਸਾਨ ਆਪਣੇ ਖੇਤ ਵਿੱਚੋਂ ਝੋਨੇ ਦੀ ਕਟਾਈ ਉਪਰੰਤ ਉਸ ਦੀ ਪਰਾਲੀ ਤੋਂ ਬਾਇਓ ਗੈਸ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੇਖਿਆ ਸੀ ਅਤੇ ਇਸ ਉਪਰੰਤ ਉਨ੍ਹਾਂ ਨੇ ਵਾਤਾਵਰਣ ਇੰਜੀਨੀਅਰ ਖੇਤਰੀ ਦਫ਼ਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜ਼ਿਲ੍ਹੇ ਵਿੱਚ ਅਜਿਹੇ ਪਾਇਲਟ ਪ੍ਰੋਜੈਕਟ ਲਗਾਉਣ ਲਈ ਕਿਹਾ ਸੀ।
ਉਨ੍ਹਾਂ ਦੱਸਿਆ ਕਿ ਰਿਮਟ ਯੂਨੀਵਰਸਿਟੀ ਦੇ ਸਹਿਯੋਗ ਨਾਲ ਇਹ ਪਲਾਂਟ ਲਗਾਇਆ ਗਿਆ ਹੈ। ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇਸ ਦਾ ਸਦਉਪਯੋਗ ਕੀਤਾ ਜਾ ਸਕੇਗਾ।