ਭੁਪਾਲ: ਮੱਧ ਪ੍ਰਦੇਸ਼ ਦੇ ਮੰਤਰੀ ਬਾਲਕ੍ਰਿਸ਼ਨ ਪਾਰਟੀਦਾਰ ਨੇ ਕਿਸਾਨੀ ਖ਼ੁਦਕੁਸ਼ੀ 'ਤੇ ਵਿਵਾਦਤ ਬਿਆਨ ਦਿੱਤਾ ਹੈ। ਬਾਲਕ੍ਰਿਸ਼ਨ ਨੇ ਕਿਹਾ ਹੈ ਕਿ ਕਿਸਾਨਾਂ ਦੀ ਖ਼ੁਦਕੁਸ਼ੀ ਪੂਰੇ ਵਿਸ਼ਵ ਦੀ ਸਮੱਸਿਆ ਹੈ, ਕਦੇ ਐਸਪੀ ਖ਼ੁਦਕੁਸ਼ੀ ਕਰ ਲੈਂਦਾ ਹੈ ਤੇ ਕਦੇ ਆਈਏਐਸ-ਆਈਪੀਐਸ ਅਧਿਕਾਰੀ ਵੀ ਆਤਮਹੱਤਿਆ ਕਰ ਲੈਂਦੇ ਹਨ। ਵਪਾਰੀ ਵੀ ਕਰਦਾ ਹੈ, ਮਜ਼ਦੂਰ ਵੀ ਕਰਦਾ ਹੈ। ਖ਼ੁਦਕੁਸ਼ੀ ਦਾ ਜੋ ਕਾਰਨ ਹੈ, ਉਹ ਸਿਰਫ਼ ਖ਼ੁਦਕੁਸ਼ੀ ਕਰਨ ਵਾਲਾ ਹੀ ਜਾਣਦਾ ਹੈ।
ਕਰਜ਼ ਦੇ ਬੋਝ ਹੇਠ ਦੱਬੇ ਕਿਸਾਨਾਂ ਦੀ ਖ਼ੁਦਕੁਸ਼ੀ ਨਾਲ ਪੂਰਾ ਦੇਸ਼ ਚਿੰਤਾ ਵਿੱਚ ਹੈ। ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਜਿਣਸਾਂ ਦੀ ਕੀਮਤ ਵਿੱਚ ਭਾਰੀ ਕਮੀ ਹੋਣ ਕਾਰਨ ਕਿਸਾਨ ਕਰਜ਼ਦਾਰ ਹੁੰਦਾ ਜਾ ਰਿਹਾ ਹੈ। ਇਸ ਵਾਰ ਮੀਂਹ ਦੀ ਕਮੀ ਦੇ ਚਲਦਿਆਂ ਫ਼ਸਲ ਵੀ ਚੰਗੀ ਨਹੀਂ ਹੋਈ। ਇਸੇ ਲਈ ਕਿਸਾਨ ਮਜਬੂਰਨ ਖ਼ੁਦਕੁਸ਼ੀ ਜਿਹੇ ਕਦਮ ਚੁੱਕ ਰਿਹਾ ਹੈ। ਅਜਿਹੇ ਵਿੱਚ ਮੰਤਰੀ ਬਾਲਕ੍ਰਿਸ਼ਨ ਪਾਟੀਦਾਰ ਦਾ ਬਿਆਨ ਕਿਸਾਨਾਂ ਦੇ ਜ਼ਖ਼ਮਾਂ ਦੇ ਜ਼ਖ਼ਮਾਂ 'ਤੇ ਲੂਣ ਭੁੱਕਣ ਵਰਗਾ ਹੈ।
ਮੱਧ ਪ੍ਰਦੇਸ਼ 'ਚ ਰੋਜ਼ਾਨਾ ਤਿੰਨ ਕਿਸਾਨ ਕਰ ਰਹੇ ਖ਼ੁਦਕੁਸ਼ੀ
ਮੰਤਰੀ ਬਾਲਕ੍ਰਿਸ਼ਨ ਪਾਟੀਦਾਰ ਨੂੰ ਕਿਸਾਨਾਂ ਦੀ ਖ਼ੁਦਕੁਸ਼ੀ ਭਾਵੇਂ ਆਮ ਜਿਹੀ ਗੱਲ ਲੱਗ ਰਹੀ ਹੋਵੇ ਪਰ ਇਸ ਬਾਰੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਹੈਰਾਨੀਜਨਕ ਹਨ। ਸਾਲ 2013 ਤੋਂ ਲਗਾਤਾਰ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਦੀ ਖ਼ੁਦਕੁਸ਼ੀ ਦੇ ਮਾਮਲੇ ਵਧ ਰਹੇ ਹਨ। ਸਾਲ 2013 ਵਿੱਚ 1090, 2014 ਵਿੱਚ 1198, 2015 ਵਿੱਚ 1290 ਤੇ 2016 ਵਿੱਚ 1321 ਕਿਸਾਨਾਂ ਨੇ ਮੌਤ ਨੂੰ ਗਲ਼ ਲਾਇਆ। ਅੰਕੜਿਆਂ ਦੀ ਮੰਨੀਏ ਤਾਂ ਮੱਧ ਪ੍ਰਦੇਸ਼ ਵਿੱਚ ਹਰ ਰੋਜ਼ ਤਿੰਨ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ।