Punjab News : ਭਾਰੀ ਮੀਂਹ ਤੂਫ਼ਾਨ ਗੜੇਮਾਰੀ ਨਾਲ਼ ਹੋਈ ਫ਼ਸਲਾਂ ਤੇ ਹੋਰ ਜਾਇਦਾਦ ਦੀ ਹੋਈ ਤਬਾਹੀ ਸੰਬੰਧੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਵਿੱਢੇ ਅੰਦੋਲਨ ਦੇ ਅਗਲੇ ਪੜਾਅ'ਤੇ 18 ਅਪ੍ਰੈਲ ਨੂੰ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕੀਤਾ ਗਿਆ ਹੈ ,ਜਿਸਦਾ ਨਿਸ਼ਾਨਾ ਇਸ ਕੁਦਰਤੀ ਆਫ਼ਤ ਨੂੰ ਕੌਮੀ ਆਫ਼ਤ ਮੰਨਦੇ ਹੋਏ ਕਣਕ ਦੇ ਦੇ ਦਾਗੀ ਤੇ ਪਿਚਕੇ ਦਾਣਿਆਂ ਦੇ ਬਹਾਨੇ ਐੱਮਐੱਸਪੀ ਵਿੱਚ ਕਟੌਤੀ ਕਰਨ ਦਾ ਕੇਂਦਰ ਸਰਕਾਰ ਦਾ ਕਿਸਾਨ ਮਾਰੂ ਫੈਸਲਾ ਤੁਰੰਤ ਵਾਪਸ ਲੈਣ ਦੀ ਪੂਰਤੀ ਲਈ ਦੇਸ਼ ਭਰ ਅੰਦਰ ਢੁੱਕਵੇਂ ਐਕਸ਼ਨਾਂ ਰਾਹੀਂ ਸਰਕਾਰ ਉੱਤੇ ਜਨਤਕ ਦਬਾਅ ਲਾਮਬੰਦ ਕਰਨਾ ਹੈ।

 


 
ਕਿਸਾਨ ਆਗੂਆਂ ਅਨੁਸਾਰ ਜਥੇਬੰਦੀ ਦੇ ਰੇਲ ਜਾਮ ਅੰਦੋਲਨ ਦੀਆਂ ਮੰਗਾਂ ਵਿੱਚ ਇਸ ਮੁੱਖ ਮੰਗ ਤੋਂ ਇਲਾਵਾ ਪੰਜਾਬ ਸਰਕਾਰ ਨਾਲ ਸੰਬੰਧਤ ਇਹ ਮੰਗਾਂ ਵੀ ਸ਼ਾਮਲ ਹਨ ਕਿ ਭਾਰੀ ਮੀਂਹ ਤੂਫ਼ਾਨ ਗੜੇਮਾਰੀ ਨਾਲ ਹੋਈ ਫ਼ਸਲੀ ਤਬਾਹੀ ਅਤੇ ਹੋਰ ਜਾਇਦਾਦ ਮਕਾਨਾਂ ਆਦਿ ਦੇ ਹੋਏ ਨੁਕਸਾਨ ਨੂੰ ਕੌਮੀ ਆਫ਼ਤ ਮੰਨ ਕੇ ਇਸ ਦੀ ਪੂਰੀ-ਪੂਰੀ ਭਰਪਾਈ ਦੀ ਅਦਾਇਗੀ ਕਾਸ਼ਤਕਾਰ ਕਿਸਾਨਾਂ ਨੂੰ ਅਤੇ ਖੇਤ ਮਜ਼ਦੂਰਾਂ ਨੂੰ ਔਰਤਾਂ ਸਮੇਤ ਤੁਰੰਤ ਕੀਤੀ ਜਾਵੇ; 15000 ਰੁਪਏ ਪ੍ਰਤੀ ਏਕੜ ਦੇ ਨਿਗੂਣੇ ਮੁਆਵਜ਼ੇ ਦੀ ਅਦਾਇਗੀ ਵੀ ਸਿਰਫ ਪੰਜ ਏਕੜ ਤੱਕ ਕਰਨ ਦੀ ਬੇਤੁਕੀ ਕਿਸਾਨ ਵਿਰੋਧੀ ਸ਼ਰਤ ਤੁਰੰਤ ਵਾਪਸ ਲਈ ਜਾਵੇ। ਸਰਕਾਰੀ ਸਮਰਥਨ ਮੁੱਲ ਮੁਤਾਬਕ ਕਟੌਤੀ ਤੋਂ ਬਿਨਾਂ ਪੂਰੀ ਦੀ ਪੂਰੀ ਕਣਕ ਅਤੇ ਦੂਜੀਆਂ ਫ਼ਸਲਾਂ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ ਆਦਿ ਮੰਗਾਂ ਸ਼ਾਮਲ ਹਨ।

 

ਇਹ ਵੀ ਪੜ੍ਹੋ : ਹਿਮਾਚਲ ਤੋਂ ਅਗਵਾ ਹੋਇਆ ਨੌਜਵਾਨ, ਭਾਖੜਾ ਚੋਂ ਮਿਲੀ ਕਾਰ, ਨੌਜਵਾਨ ਲਾਪਤਾ, ਸ਼ੱਕੀ ਭਾਖੜਾ ਚੋਂ ਕੱਢਿਆ
 
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਅੰਦੋਲਨ ਦੇ ਪਹਿਲੇ ਪੜਾਅ 'ਤੇ ਇਸ ਤਬਾਹੀ ਤੋਂ ਪ੍ਰਭਾਵਿਤ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਜਥੇਬੰਦੀ ਵੱਲੋਂ 12, 13 ਅਤੇ 14 ਅਪ੍ਰੈਲ ਨੂੰ ਜ਼ਿਲ੍ਹਾ/ਤਹਿਸੀਲ ਪੱਧਰੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਕੇ ਇਨ੍ਹਾਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ। ਇਸ ਆਵਾਜ਼ ਨੂੰ ਅਣਸੁਣੀ ਕਰਨ ਦੇ ਰੋਸ ਵਜੋਂ ਹੀ ਰੇਲ ਜਾਮ ਵਰਗਾ ਤਿੱਖਾ ਅੰਦੋਲਨ ਕਰਨਾ ਪੈ ਰਿਹਾ ਹੈ। ਇਸ ਨਾਲ ਆਮ ਜਨਤਾ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਲਈ ਕੇਂਦਰੀ/ਸੂਬਾਈ ਸਰਕਾਰਾਂ ਹੀ ਦੋਸ਼ੀ ਹਨ।
 
ਕਿਸਾਨ ਆਗੂਆਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਪੂਰੇ ਐੱਮ ਐੱਸ ਪੀ ਜਾਂ ਪੂਰੇ ਮੁਆਵਜ਼ੇ ਤੋਂ ਮੁਨਕਰ ਹੋ ਕੇ ਪਹਿਲਾਂ ਹੀ ਜਾਨਲੇਵਾ ਕਰਜ਼ਿਆਂ ਦੇ ਬੋਝ ਥੱਲੇ ਕੁਚਲੇ ਜਾ ਰਹੇ ਕਿਸਾਨਾਂ ਮਜਦੂਰਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਧੱਕ ਕੇ ਦੇਸ਼ ਉੱਤੇ ਕਾਰਪੋਰੇਟ ਖੇਤੀ ਮਾਡਲ ਮੜ੍ਹਨ ਲਈ ਇਨ੍ਹਾਂ ਸਰਕਾਰਾਂ ਵੱਲੋਂ ਤਾਣ ਲਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਥੇਬੰਦੀ ਵੱਲੋਂ ਇਨ੍ਹਾਂ ਦੇਸ਼ਧ੍ਰੋਹੀ ਸਾਮਰਾਜੀ ਨੀਤੀਆਂ ਵਿਰੁੱਧ ਜਾਨਹੂਲਵੇਂ ਜਨ-ਅੰਦੋਲਨ ਦਿਨੋਂ ਦਿਨ ਸਿਖਰਾਂ ਵੱਲ ਵਧਾਏ ਜਾਂਦੇ ਰਹਿਣਗੇ। ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਦੇਸ਼ਭਗਤ ਤਾਕਤਾਂ ਵੱਲੋਂ ਇਨ੍ਹਾਂ ਜਨ-ਅੰਦੋਲਨਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।