ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ, ਜਦਕਿ ਦੁੱਧ ਦੀ ਪੈਦਾਵਾਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਇੰਨਾ ਦੁੱਧ ਆਖ਼ਰ ਕਿੱਥੋਂ ਆ ਰਿਹਾ ਹੈ। ਕੀ ਇਹ ਦੁੱਧ ਮਿਲਾਵਟੀ ਹੈ? ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਟਵੀਟ ਕਰਕੇ ਇਹ ਮਾਮਲਾ ਚੁੱਕਿਆ ਹੈ।


ਸੰਨ 1992 ਵਿੱਚ ਪੰਜਾਬ 'ਚ ਮੱਝਾਂ ਦੀ ਗਿਣਤੀ 51.23 ਲੱਖ ਸੀ ਜੋ ਸਾਲ 2012 ਵਿੱਚ ਘਟ ਕੇ 46.26 ਲੱਖ ਹੋ ਗਈ। ਹੁਣ ਸਾਲ 2022 ਦੀ ਗਿਣਤੀ ਲਈ ਜੋ ਡੇਟਾ ਤਿਆਰ ਹੋ ਰਿਹਾ ਹੈ, ਉਸ ਵਿੱਚ 23 ਫ਼ੀਸਦ ਦੀ ਕਮੀ ਦੇ ਸੰਕੇਤ ਦਿਖਾਈ ਦੇ ਰਹੇ ਹਨ। ਇਨ੍ਹਾਂ ਅੰਕੜਿਆਂ ਬਾਰੇ ਦੱਸਦਿਆਂ ਜਾਖੜ ਨੇ ਲਿਖਿਆ ਹੈ ਕਿ ਇਹ ਸਥਿਤੀ ਭਿਆਨਕ ਹੈ। ਆਪਣੇ ਟਵੀਟ ਵਿੱਚ ਜਾਖੜ ਨੇ ਦਾਅਵਾ ਕੀਤਾ ਹੈ ਕਿ ਸਾਲ 2012 ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ ਜਦਕਿ ਗਾਵਾਂ ਦੋ ਫ਼ੀਸਦ ਵਧੀਆਂ ਹਨ।


ਵਿਭਾਗ ਦੇ ਨਿਰਦੇਸ਼ਨ ਡਾ. ਇੰਦਰਜੀਤ ਸਿੰਘ ਨੇ ਵੀ ਦੱਸਿਆ ਕਿ ਲੋਕ ਦੁਧਾਰੂ ਪਸ਼ੂਆਂ ਨੂੰ ਪਾਲਣ ਵਿੱਚ ਬਹੁਤੀ ਰੁਚੀ ਨਹੀਂ ਵਿਖਾ ਰਹੇ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਨੇ ਭਾਰਤ ਵਿੱਚ ਸਸਤੇ ਭਾਅ 'ਤੇ ਸੁੱਕਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਨੂੰ ਮੱਝਾਂ ਪਾਲਣੀਆਂ ਮਹਿੰਗੀਆਂ ਸਾਬਤ ਹੋ ਰਹੀਆਂ ਹਨ। ਇਸ ਦੇ ਨਾਲ ਹੀ ਨਕਲੀ ਦੁੱਧ ਵੀ ਆ ਰਿਹਾ ਹੈ।

ਤੰਦਰੁਸਤ ਪੰਜਾਬ ਮਿਸ਼ਨ ਦੇ ਨਿਰਦੇਸ਼ਕ ਕਾਹਨ ਸਿੰਘ ਪੰਨੂ ਨੇ ਵੀ ਮੰਨਿਆ ਕਿ ਦੁੱਧ ਤੇ ਨਕਲੀ ਘਿਓ ਬਣਾਉਣ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਨਕਲੀ ਦੁੱਧ ਸ਼ਰ੍ਹੇਆਮ ਬਾਜ਼ਾਰਾਂ ਵਿੱਚ ਵਿਕ ਰਿਹਾ ਹੈ।