ਚੰਡੀਗੜ੍ਹ: ਪੰਜਾਬ ਸਰਕਾਰ 30 ਤੋਂ ਵੱਧ ਕਿਸਾਨਾਂ ਨੂੰ ਅੱਜ 13 ਅਕਤੂਬਰ ਸ਼ੁੱਕਰਵਾਰ ਨੂੰ ਕੌਮੀ ਗ੍ਰੀਨ ਟਿ੍ਬਿਊਨਲ (ਐੱਨ.ਜੀ.ਟੀ) ਦੇ ਅੱਗੇ ਪੇਸ਼ ਕਰੇਗੀ। ਐੱਨ.ਜੀ.ਟੀ ਨੇ ਬੁੱਧਵਾਰ ਸੂਬਾ ਸਰਕਾਰ ਨੂੰ 21 ਕਿਸਾਨਾਂ ਨੂੰ ਉਸ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ ਜਿਨ੍ਹਾਂ ਨੂੰ ਹਵਾ ਪ੍ਰਦੂਸ਼ਣ ਰੋਕਣ ਲਈ ਪਰਾਲੀ ਨਾ ਸਾੜਨ ਦੇ ਵਾਸਤੇ ਰਿਆਇਤਾਂ ਅਤੇ ਬੁਨਿਆਦੀ ਢਾਂਚੇ ਦੇ ਰਾਹੀਂ ਮਦਦ ਮੁਹੱਈਆ ਕਰਵਾਈ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾ ਸਿਰਫ਼ 30 ਅਜਿਹੇ ਕਿਸਾਨਾਂ ਨੂੰ ਟਿ੍ਬਿਊਨਲ ਸਾਹਮਣੇ ਪੇਸ਼ ਕੀਤਾ ਜਾਵੇਗਾ ਸਗੋਂ ਖੇਤੀਬਾੜੀ ਵਿਭਾਗ ਇਸ ਸਬੰਧ 'ਚ ਪਿੰਡ ਕੱਲਰ-ਮਾਜਰੀ, ਨਾਭਾ (ਪਟਿਆਲਾ) ਵਿਚ ਕੀਤੇ ਗਏ ਪ੍ਰਬੰਧ ਬਾਰੇ ਵੀ ਅਦਾਲਤ ਨੂੰ ਜਾਣਕਾਰੀ ਦੇਵੇਗਾ। ਬੁਲਾਰੇ ਨੇ ਦੱਸਿਆ ਕਿ ਪਰਾਲੀ ਨੂੰ ਨਾ ਸਾੜਨ ਵਾਸਤੇ ਇਸ ਪਿੰਡ ਵਿਚ ਕਿਸਾਨਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਸਣੇ ਵਿਭਿੰਨ ਸਰਗਰਮੀਆਂ ਦੀ ਵਿਸਤਿ੍ਤ ਸੂਚੀ ਬਣਾਈ ਗਈ ਹੈ ਜੋ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ ਜੋ ਲਾਭਪਾਤਰੀ ਕਿਸਾਨਾਂ ਨੂੰ ਇਸ ਮੁੱਦੇ ਉੱਤੋਂ ਸਰਕਾਰ ਦੇ ਸਮਰਥਨ 'ਚ ਆਉਣ ਤੋਂ ਰੋਕਣ ਲਈ ਦਬਾਅ ਪਾ ਰਹੇ ਹਨ।