ਨਵੀਂ ਦਿੱਲੀ: ਕਈ ਉਤਪਾਦ ਤਿਆਰ ਕਰਨ ਤੋਂ ਬਾਅਦ ਯੋਗ ਗੁਰੂ ਰਾਮਦੇਵ ਦੀ ਕੰਪਨੀ ਵੱਡੇ ਪੈਮਾਨੇ 'ਤੇ ਚਾਰਾ ਕਾਰੋਬਾਰ 'ਚ ਵੀ ਉੱਤਰ ਆਈ ਹੈ। ਉਸ ਨੂੰ ਡੇਅਰੀ ਬ੍ਰਾਂਡ ਅਮੁਲ ਤੋਂ ਵੱਡੇ ਪੈਮਾਨੇ 'ਤੇ ਆਰਡਰ ਮਿਲਿਆ ਹੈ। ਪਤੰਜਲੀ ਆਯੁਰਵੇਦ ਦੀ ਇਕਾਈ ਪਤੰਜਲੀ ਫੋਰਾਜ ਦੇ ਹੈੱਡ ਯਸ਼ਪਾਲ ਆਰੀਆ ਨੇ ਈ. ਟੀ. ਨੂੰ ਦੱਸਿਆ ਕਿ ਮੱਕੇ ਦੀ ਫ਼ਸਲ ਤੋਂ ਹਰਾ ਚਾਰਾ ਤਿਆਰ ਕਰਨ ਲਈ ਕੰਪਨੀ ਵਲੋਂ ਅਮਰੀਕਾ ਤੋਂ ਇਕ ਤਕਨਾਲੋਜੀ ਲਿਆਂਦੀ ਗਈ ਹੈ। ਇਹ ਚਾਰਾ ਗਾਵਾਂ ਦਾ ਦੁੱਧ ਵਧਾਉਣ 'ਚ ਉਪਯੋਗੀ ਮੰਨਿਆ ਜਾਂਦਾ ਹੈ। ਉਨ੍ਹਾਂ ਅਨੁਸਾਰ ਕੰਪਨੀ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਵੀ ਮੱਕਾ ਉਗਾੳਣ ਲਈ ਪੇ੍ਰਰਿਤ ਕੀਤਾ ਜਾਵੇਗਾ ਤੇ ਇਸ ਨਾਲ ਕਿਸਾਨਾਂ ਦੀ ਆਮਦਨੀ 'ਚ ਵੀ ਇਜ਼ਾਫ਼ਾ ਹੋਵੇਗਾ।ਪਤੰਜਲੀ ਨਾਲ ਪਹਿਲਾ ਪ੍ਰਚੇਜ਼ ਆਰਡਰ ਸਮਝੌਤਾ ਕਰਨ ਵਾਲੀ ਇਕਾਈ ਸਾਬਰਕਾਂਠਾ ਡੇਅਰੀ ਹੈ ਜੋ ਗੁਜਰਾਤ ਮਿਲਕ ਮਾਰਕੀਟ ਫੈੱਡਰੇਸ਼ਨ ਦੀ 19 ਮਿਲਕ ਯੂਨੀਅਨਾਂ 'ਚੋਂ ਸਭ ਤੋਂ ਵੱਡੀ ਹੈ। ਇਹ ਅਮੂਲ ਬ੍ਰਾਂਡ ਦੇ ਤਹਿਤ ਆਪਣੇ ਉਤਪਾਦ ਵੇਚਦੀ ਹੈ। ਸਾਬਰਕਾਂਠਾ ਡੇਅਰੀ ਦੇ ਡਿਪਟੀ ਜਨਰਲ ਮੈਨੇਜਰ ਆਰ. ਐੱਸ. ਪਟੇਲ ਨੇ ਦੱਸਿਆ ਕਿ ਇਸ ਤਕਨਾਲੋਜੀ ਨਾਲ ਉਤਪਾਦਨ ਵਧਾਉਣ 'ਚ ਮਦਦ ਮਿਲੇਗੀ ਜਿਸ ਨਾਲ ਆਖ਼ਰਕਾਰ ਉਤਪਾਦ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਅਮੁਲ ਪਤੰਜਲੀ ਦੇ ਗੁਜਰਾਤ ਸਥਿਤ ਹਿੰਮਤਨਗਰ ਪਲਾਂਟ ਤੋਂ 10,000 ਮੀਟਿ੍ਕ ਟਨ ਚਾਰੇ ਦੀ ਖਰੀਦ ਕਰੇਗੀ।