ਸ਼ਾਹਕੋਟ: ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਦੀ ਆਪਣੇ ਦੋਵੇਂ ਵਿਭਾਗਾਂ ਵਿੱਚ ਸਖ਼ਤੀ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਤੋਂ ਕਰਜ਼ਾ ਮੁੜਵਾਉਣ ਤੋਂ ਬਾਅਦ ਰੰਧਾਵਾ ਨੇ ਕਾਂਗਰਸੀ ਲੀਡਰ ਰਮਨ ਭੱਲਾ ਤੋਂ ਇਲਾਵਾ ਸਾਬਕਾ ਟ੍ਰਾਂਸਪੋਰਟ ਮੰਤਰੀ ਤੋਂ ਕਰਜ਼ੇ ਵਾਪਸ ਕਰਵਾ ਲਏ ਹਨ।
ਮੰਤਰੀ ਮੁਤਾਬਕ ਰਮਨ ਭੱਲਾ ਨੇ ਤਕਰੀਬਨ 20 ਲੱਖ ਦਾ ਕਰਜ਼ਾ ਮੋੜ ਦਿੱਤਾ ਤੇ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਨੇ ਵੀ 8 ਲੱਖ ਰੁਪਇਆ ਮੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਕੁੱਲ 7 ਕਰੋੜ ਦੀ ਰਿਕਵਰੀ ਦੇ ਨੇੜੇ ਪਹੁੰਚ ਚੁੱਕੇ ਹਨ। ਰੰਧਾਵਾ ਨੇ ਕਿਹਾ ਕਿ ਜਿਹੜਾ ਕਰਜ਼ਾ ਨਹੀਂ ਮੋੜੇਗਾ ਉਸ ਦੀ ਲਿਸਟ ਜਨਤਕ ਸਾਹਮਣੇ ਲਿਆਂਦੀ ਜਾਵੇਗੀ ਤੇ ਅਪੀਲ ਕੀਤੀ ਜਾਵੇਗੀ ਕਿ ਕਰਜ਼ਾ ਮੋੜਿਆ ਜਾਵੇ ਤਾਂ ਜੋ ਮਜ਼ਬੂਰੀ ਵਿੱਚ ਸਾਨੂੰ ਕੋਈ ਹੋਰ ਕਦਮ ਨਾ ਚੁੱਕਣ ਪਵੇ।
ਸ਼ਾਹਕੋਟ ਜ਼ਿਮਨੀ ਚੋਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਵਿਧਾਨਸਭਾ ਵਿੱਚ ਕਾਂਗਰਸੀ ਦੋ ਤਿਹਾਈ ਹੋ ਜਾਣ। ਕੋਹਾੜ ਨੇ ਗਲੀਆਂ ਅਤੇ ਸੜਕਾਂ ਨਾਲ ਵੀ ਇਨਸਾਫ ਨਹੀਂ ਕੀਤਾ। ਲੀਡਰਾਂ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ 'ਤੇ ਮੰਤਰੀ ਬੋਲੇ ਕਿ ਆਮ ਆਦਮੀ ਪਾਰਟੀ ਪਿੰਡਾਂ ਵਿੱਚ ਕਾਂਗਰਸ ਦੇ ਨਾਲ ਚੱਲ ਰਹੀ ਹੈ।
ਲੰਗਰ 'ਤੇ ਜੀਐਸਟੀ ਮੁਆਫ਼ ਕੀਤੇ ਜਾਣ 'ਤੇ ਅਕਾਲੀ ਦਲ 'ਤੇ ਵਰ੍ਹਦਿਆਂ ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ 'ਪਾਵਰ ਹੰਗਰੀ' ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਨੂੰ ਤਾਂ ਛੱਡ ਸਕਦੇ ਹਨ ਪਰ ਵਜ਼ੀਰੀਆਂ ਨਹੀਂ ਛੱਡ ਸਕਦੇ, ਇਹ ਗੁਰੂ ਦੀ ਗੋਲਕ ਛੱਕ ਸਕਦੇ ਹਨ ਪਰ ਉਸ ਵਿੱਚ ਪੈਸਾ ਪਾਉਣ ਨੂੰ ਤਿਆਰ ਨਹੀਂ। ਉਨ੍ਹਾਂ ਸੁਖਬੀਰ ਬਾਦਲ ਦੇ ਅੰਮ੍ਰਿਤਧਾਰੀ ਹੋਣ 'ਤੇ ਇੱਕ ਵਾਰ ਫਿਰ ਸ਼ਬਦੀ ਹਮਲੇ ਕੀਤੇ ਅਤੇ ਮਹਿੰਗੇ ਡੀਜ਼ਲ ਤੇ ਪੈਟਰੋਲ ਦੇ ਮੁੱਦੇ ਉਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਖ਼ੂਬ ਰਗੜੇ ਲਾਏ।