ਬਠਿੰਡਾ: ਸਰਕਾਰ ਵੱਲੋਂ ਸਹਿਕਾਰੀ ਬੈਂਕਾਂ ਨੂੰ ਚੌਦਾਂ ਹਜ਼ਾਰ ਪ੍ਰਤੀ ਏਕੜ ਦਾ ਨੋਟੀਫਿਕੇਸ਼ਨ ਹੈ ਪਰ ਕਿਸਾਨਾਂ ਮੁਤਾਬਕ ਕੇਵਲ ਦਸ ਹਜ਼ਾਰ ਰੁਪਏ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲੀ ਕਰਜ਼ਾ ਦਿੱਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਸੋਮਵਾਰ ਨੂੰ ਸਥਾਨਕ ਸਹਿਕਾਰੀ ਬੈਂਕ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਵੀ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਚੌਦਾਂ ਹਜ਼ਾਰ ਪ੍ਰਤੀ ਏਕੜ ਫ਼ਸਲੀ ਕਰਜ਼ਾ ਦੇਣ ਦੇ ਨੋਟੀਫਿਕੇਸ਼ਨ ਤੋਂ ਬਾਅਦ ਵੀ ਬੈਂਕ ਕਰਜ਼ ਵਜੋਂ ਉਨ੍ਹਾਂ ਨੂੰ ਕੇਵਲ ਪਚੰਨਵੇਂ ਸੌ ਜਾਂ ਦਸ ਹਜ਼ਾਰ ਰੁਪਏ ਹੀ ਦੇ ਰਿਹਾ ਹੈ। ਸ਼ਹਿਰ ਵਿੱਚ ਅੱਜ ਕਿਸਾਨਾਂ ਨੇ ਇਕੱਠੇ ਹੋ ਕੇ ਕੋਆਪਰੇਟਿਵ ਬੈਂਕ ਦੇ ਮੈਨੇਜਰ ਤੇ ਹੋਰ ਕਰਮਚਾਰੀ ਨੇ ਗੱਲਬਾਤ ਕੀਤੀ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਪੂਰਾ ਕਰਜ਼ਾ ਨਾ ਦਿੱਤਾ ਤਾਂ ਉਹ ਵੱਡਾ ਸੰਘਰਸ਼ ਛੇੜਨਗੇ।
ਉੱਧਰ ਇਸ ਮਾਮਲੇ ਵਿੱਚ ਜਦੋਂ ਬਠਿੰਡਾ ਦੇ ਸਹਿਕਾਰੀ ਬੈਂਕ ਦੀ ਮੈਨੇਜਰ ਮਮਤਾ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੈਂਕ ਨੂੰ ਕੁਝ ਪੈਸਾ ਨਾਬਾਰਡ ਵੱਲੋਂ ਆਉਂਦਾ ਹੈ ਪਰ ਨਾਬਾਰਡ ਵੱਲੋਂ ਦਿੱਤੀ ਜਾ ਰਹੀ ਰਾਸ਼ੀ ਬਹੁਤ ਘਟਾ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਉਹ ਚਾਹੁੰਦੇ ਹਨ ਕਿ ਹਰ ਇੱਕ ਕਿਸਾਨ ਤਕ ਫ਼ਸਲੀ ਕਰਜ਼ੇ ਦੀ ਮਦਦ ਪਹੁੰਚੇ, ਇਸ ਲਈ ਹੁਣ ਬੈਂਕ ਦੇ ਡਿਪਟੀ ਡਾਇਰੈਕਟਰ ਨਾਲ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਕਿਸਾਨਾਂ ਨੂੰ ਦਸ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲੀ ਕਰਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੈਂਕ ਦੀਆਂ ਦੋ ਬਰਾਂਚਾਂ ਵਿੱਚ ਗ਼ਲਤੀ ਨਾਲ ਮੈਨੇਜਰਾਂ ਵੱਲੋਂ ਕੁਝ ਕਿਸਾਨਾਂ ਨੂੰ ਚੌਦਾਂ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ ਪਰ ਹੁਣ ਕੋਆਪਰੇਟਿਵ ਸੁਸਾਇਟੀਆਂ ਦੇ ਸਾਰੇ ਮੈਨੇਜਰਾਂ ਨੂੰ ਲਿਖਤੀ ਤੌਰ 'ਤੇ ਹੁਕਮ ਦਿੱਤੇ ਗਏ ਹਨ ਕਿ ਹਰ ਕਿਸਾਨ ਨੂੰ ਪ੍ਰਤੀ ਏਕੜ ਦਸ ਹਜ਼ਾਰ ਦੇ ਹਿਸਾਬ ਨਾਲ ਹੀ ਫ਼ਸਲੀ ਕਰਜ਼ਾ ਦਿੱਤਾ ਜਾਵੇ।