ਚੰਡੀਗੜ੍ਹ: ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂਵਾਲੀ 'ਤੇ ਕਾਰਵਾਈ ਤੋਂ ਬਾਅਦ ਸੀਨੀਅਰ ਕਾਂਗਰਸੀ ਲੀਡਰ ਰਮਨ ਭੱਲਾ ਨੇ 20 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਹੈ। ਮੰਤਰੀ ਸੁਖਜਿੰਦਰ ਰੰਧਾਵਾ ਨੇ 'ABP ਸਾਂਝਾ' ਨੂੰ ਕਿਹਾ ਸੀ ਕਿ ਕਾਂਗਰਸੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਮਾਝੇ ਦੇ ਜਾਣੇ ਪਛਾਣੇ ਲੀਡਰ ਰਮਨ ਭੱਲਾ ਨੇ ਪਠਾਨਕੋਟ ਪ੍ਰਾਈਮਰੀ ਕੋ-ਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮਟਿਡ ਨੂੰ ਚੈੱਕਾਂ ਜ਼ਰੀਏ 19 ਲੱਖ 97 ਹਾਜ਼ਰ 246 ਰੁਪਏ ਦੀ ਰਕਮ ਭੇਜ ਦਿੱਤੀ ਹੈ।
ਇਸ 'ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸੀ ਹੋਵੇ ਜਾਂ ਅਕਾਲੀ ਸਭ ਤੋਂ ਕਰਜ਼ ਦੇ ਪੈਸੇ ਵਾਪਸ ਲਵਾਂਗੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੀ ਬਿਹਤਰੀ ਲਈ ਸਾਰੇ ਕਰਜ਼ ਦੇ ਪੈਸੇ ਵਾਪਸ ਕਰਨ।
ਇਸ ਤੋਂ ਪਹਿਲਾਂ ਰੰਧਾਵਾ ਨੇ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ 'ਤੇ ਸਖ਼ਤੀ ਵਰਤੀ ਸੀ ਤੇ ਉਨ੍ਹਾਂ ਵੀ ਤਕਰੀਬਨ 80 ਲੱਖ ਰੁਪਏ ਦਾ ਕਰਜ਼ ਅਦਾ ਦਿੱਤਾ ਸੀ। ਕੋਲਿਆਂਵਾਲੀ ਸਿਰ ਤਕਰੀਬਨ ਇੱਕ ਕਰੋੜ ਦਾ ਕਰਜ਼ ਸੀ।
ਕੈਬਨਿਟ ਮੰਤਰੀ ਰੰਧਾਵਾ ਨੇ ਬੀਤੀ ਦੋ ਮਈ ਨੂੰ ਕਿਸਾਨਾਂ ਦਾ ਤਿੰਨ ਹਜ਼ਾਰ ਰੁਪਏ ਦਾ ਕੋਆਪ੍ਰੇਟਿਵ ਬੈਂਕਾਂ ਤੋਂ ਲਿਆ ਕਰਜ਼ ਮੁਆਫ਼ ਕਰਨ ਦੇ ਐਲਾਨ ਦੇ ਨਾਲ ਕਿਹਾ ਸੀ ਕਿ ਬੈਂਕ ਮੈਨੇਜਰਾਂ ਤੇ ਸਿਆਸਤਦਾਨਾਂ ਦਾ ਜੰਜਾਲ ਤੋੜਿਆ ਜਾਵੇਗਾ ਤੇ ਹਰ ਮਹੀਨੇ 20 ਵੱਡੇ ਡਿਫਾਲਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।