ਨਵਦੀਪ ਸਿੰਘ


ਮੋਗਾ: ਆਉਂਦੀ ਸੱਤ ਮਾਰਚ ਨੂੰ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਮੋਗਾ ਰੈਲੀ ਲਈ ਕਿਸਾਨਾਂ ਦੀ ਕੁੱਲ 100 ਏਕੜ ਜ਼ਮੀਨ ਵਰਤੀ ਜਾ ਰਹੀ ਹੈ। ਇਸ 'ਤੇ ਫ਼ਸਲ ਬੀਜੀ ਹੋਈ ਸੀ ਪਰ ਜ਼ਮੀਨ ਖਾਲੀ ਕਰਵਾਉਣ ਲਈ ਫ਼ਸਲ ਵਾਹ ਦਿੱਤੀ ਗਈ। ਇਸ ਦੌਰਾਨ ਕਿਸਾਨਾਂ ਲਈ ਮੁਆਵਜ਼ਾ ਦੇਣ ਦਾ ਵੀ ਇਕਰਾਰ ਹੋਇਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮੁਆਵਜ਼ਾ ਕੈਪਟਨ ਸਰਕਾਰ ਅਦਾ ਕਰੇਗੀ।

ਇੰਨੀ ਜ਼ਮੀਨ 'ਚ ਲੱਗੀ ਫਸਲ ਵਾਹ ਕੇ ਰੈਲੀ ਵਿੱਚ ਸਵਾ ਲੱਖ ਲੋਕਾਂ ਦੇ ਬੈਠਣ ਦੇ ਇੰਤਜ਼ਾਮ ਤੋਂ ਇਲਾਵਾ 5,000 ਵੱਡੀਆਂ ਬੱਸਾਂ ਦੀ ਪਾਰਕਿੰਗ, VIP ਮੂਵਮੈਂਟ ਘੱਟ ਕਰਨ ਦੇ ਨਾਂਅ ਹੇਠ ਉਨ੍ਹਾਂ ਦੀ ਹੀ ਸੌਖ ਲਈ ਹੈਲੀਪੈਡ ਨੂੰ ਪੰਡਾਲ ਦੇ ਕੋਲ ਹੀ ਬਣਾਇਆ ਜਾਵੇਗਾ। ਗ਼ੌਰਤਲਬ ਹੈ ਕਿ ਰੈਲੀ ਲਈ ਜਿਹੜੀ ਜ਼ਮੀਨ ਵਰਤੀ ਜਾਣੀ ਹੈ, ਉਸ ਵਿਚ ਕਈ ਕਿਸਾਨਾਂ ਦੀਆਂ ਕਈ-ਕਈ ਫਸਲਾਂ ਅਉਂਦੀਆਂ ਸਨ। ਇਨ੍ਹਾਂ ਖੜ੍ਹੀਆਂ ਫਸਲਾਂ ਨੂੰ ਵਾਹ ਦਿੱਤਾ ਗਿਆ ਹੈ ਅਤੇ ਸਰਕਾਰ ਇਸ ਲਈ 40,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਦੇਵੇਗਾ।



ਮੋਗਾ ਦੇ ਡਿਪਟੀ ਕਮੀਸ਼ਨਰ ਸੰਦੀਪ ਹੰਸ ਨੇ ਵੀ ਦੱਸਿਆ ਕਿ ਰੈਲੀ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਜਿਹੜੇ ਕਿਸਾਨਾਂ ਦੀਆਂ ਫ਼ਸਲਾਂ ਇਸ ਜਗ੍ਹਾ 'ਤੇ ਆਉਂਦੀਆਂ ਹਨ, ਉਨ੍ਹਾਂ ਨੂੰ 40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਡੀਸੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੇ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਪਰ ਗੱਲ 40,000 'ਤੇ ਤੈਅ ਹੋ ਗਈ।

ਹੈਰਾਨੀ ਦੀ ਗੱਲ ਇਹ ਹੈ ਕਿ ਸਿਆਸੀ ਰੈਲੀ ਲਈ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕੀਤੇ ਪੈਸੇ ਨੂੰ ਸਰਕਾਰ ਕਿਵੇਂ ਵਰਤ ਸਕਦੀ ਹੈ। ਜਦਕਿ ਇਹ ਪੂਰਾ ਸਮਾਗਮ ਕਾਂਗਰਸ ਪਾਰਟੀ ਦਾ ਹੈ ਅਤੇ ਇਸ ਦਾ ਭੁਗਤਾਨ ਵੀ ਪਾਰਟੀ ਨੂੰ ਹੀ ਕਰਨਾ ਚਾਹੀਦਾ ਹੈ, ਪਰ ਪਤਾ ਨਹੀਂ ਡੀਸੀ ਸਾਬ ਕਿਓਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਹਾਮੀ ਭਰ ਰਹੇ ਹਨ। ਉੱਧਰ, ਕੈਪਟਨ ਸਰਕਾਰ ਦੇ OSD ਕੈਪਟਨ ਸੰਦੀਪ ਸੰਧੂ ਨੇ ਰੈਲੀ ਦੀਆਂ ਕਈ ਖ਼ੂਬੀਆਂ ਦੱਸੀਆਂ ਪਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਵਾਲੀ ਗੱਲ ਉਨ੍ਹਾਂ ਦੀ ਜ਼ੁਬਾਨ 'ਤੇ ਆਈ ਵੀ ਨਹੀਂ।