ਚੰਡੀਗੜ੍ਹ: ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜ਼ਿੰਮੇਵਾਰ ਹਰਿਆਣਾ ਹੈ। ਇਹ ਦਾਅਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਨਿਕਾਸੀ ਵਿਭਾਗ ਨੇ ਮਕਰੌੜ ਸਾਹਿਬ ਤੋਂ ਕੜਿਆਲ ਤਕ ਦੀ ਸਾਢੇ 17 ਕਿਲੋਮੀਟਰ ਦੀ ਸਫਾਈ ਦਾ ਕੰਮ ਕਰਵਾਉਣ ਦੀ ਮੰਗ ਕੀਤੀ ਸੀ ਪਰ ਹਰਿਆਣਾ ਨੇ ਇਸ ਦੀ ਆਗਿਆ ਨਹੀਂ ਦਿੱਤੀ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮਸਲੇ ਨੂੰ ਕੇਂਦਰ ਤਕ ਲੈ ਕੇ ਜਾਣਗੇ। ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਨਿਕਾਸੀ ਵਿਭਾਗ ਮੁਤਾਬਕ ਉਹ ਕੇਂਦਰੀ ਜਲ ਕਮਿਸ਼ਨ ਨੂੰ ਅਪੀਲ ਕਰ ਜਲਦ ਤੋਂ ਜਲਦ ਮੌਕੇ ਦਾ ਮੁਆਇਨਾ ਕਰਨ ਦੀ ਮੰਗ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਨੇ ਹਰਿਆਣਾ ਨੂੰ ਮਕਰੌੜ ਸਾਹਿਬ ਤੋਂ ਕੜਿਆਲ ਪਿੰਡ ਤਕ ਘੱਗਰ ਦਰਿਆ ਦੇ ਵਹਿਣ ਨੂੰ ਸਿੱਧਾ ਕਰਨ ਲਈ ਬੰਨ੍ਹ ਠੀਕ ਕਰਨ ਦੀ ਅਪੀਲ ਕੀਤੀ ਸੀ ਪਰ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।