ਗੁਰਦਾਸਪੁਰ: ਕਿਸਾਨ ਕਰਜ਼ ਮੁਆਫ਼ੀ ਦੇ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਮੁੱਖ ਮੰਤਰੀ ਗੁਰਦਾਸਪੁਰ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੀ ਤੀਜੀ ਕਿਸ਼ਤ ਤਹਿਤ ਪ੍ਰਮਾਣ ਪੱਤਰ ਵੰਡਣ ਆਏ ਸੀ। ਇੱਥੇ ਉਨ੍ਹਾਂ ਐਲਾਨ ਕੀਤਾ ਕਿ ਅਗਲੇ ਪੜਾਅ ਤਹਿਤ ਸਰਕਾਰ ਕਿਸਾਨਾਂ ਦਾ ਬੈਂਕਾਂ ਤੋਂ ਲਿਆ ਕਰਜ਼ ਮੁਆਫ਼ ਕਰੇਗੀ।
ਕੈਪਟਨ ਨੇ ਅੱਜ ਮਾਝੇ ਦੇ ਛੇ ਜ਼ਿਲ੍ਹਿਆਂ ਦੇ ਤਕਰੀਬਨ 27 ਹਜ਼ਾਰ ਕਿਸਾਨਾਂ ਦਾ 156 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਖ਼ੁਦ ਕਰਜ਼ਈ ਹੋਣ ਦੇ ਬਾਵਜੂਦ ਸੂਬੇ ਦੇ ਇੱਕ ਲੱਖ ਤੋਂ ਵੱਧ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਦੇ ਸਹਿਕਾਰੀ ਸਭਾਵਾਂ ਦਾ ਫ਼ਸਲੀ ਕਰਜ਼ ਮੁਆਫ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਵੀ ਪੰਜਾਬ ਸਰਕਾਰ ਤੋਂ ਬਾਅਦ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਸੰਸਦ ਦਾ ਇਜਲਾਸ ਕਰੋੜਾਂ ਰੁਪਏ ਦੇ ਖ਼ਰਚ ਨਾਲ ਚੱਲ ਰਿਹਾ ਹੈ ਪਰ ਭਾਜਪਾ ਉੱਥੇ ਕਿਸੇ ਸੰਸਦ ਮੈਂਬਰ ਨੂੰ ਬੋਲਣ ਨਹੀਂ ਦੇ ਰਹੀ ਤੇ ਉੱਥੇ ਕੋਈ ਕੰਮ ਨਹੀਂ ਹੋ ਰਿਹਾ।
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਪਠਾਨਕੋਟ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਸਰਟੀਫਿਕੇਟ ਵੰਡਣ ਤੇ ਗੁਰਦਾਸਪੁਰ ਲਈ ਮੈਡੀਕਲ ਕਾਲਜ ਦੇ ਐਲਾਨ ਤੋਂ ਬਾਅਦ ਬਟਾਲਾ ਦੀ ਖੰਡ ਮਿਲ ਦਾ ਆਧੁਨੀਕੀਕਰਨ ਦਾ ਐਲਾਨ ਵੀ ਕੀਤਾ।