ਫਿਰੋਜ਼ਪੁਰ: ਤਕਰੀਬਨ ਅੱਠ ਮਹੀਨੇ ਪਹਿਲਾਂ ਕਰਜ਼ੇ ਦੀ ਪੰਡ ਥੱਲੇ ਦੱਬੇ ਫ਼ਿਰੋਜ਼ਪੁਰ ਦੇ ਪਿੰਡ ਸ਼ਹਿਜਾਦੀ ਦੇ ਆਤਮ ਹੱਤਿਆ ਕਰਨ ਵਾਲੇ ਕਿਸਾਨ ਗੁਰਸੇਵਕ ਸਿੰਘ (24) ਦੇ ਪਰਿਵਾਰ ਨੂੰ ਵਾਅਦੇ ਮੁਤਾਬਕ ਅੱਜ ਤੱਕ ਕੋਈ ਰਾਹਤ ਨਹੀਂ ਮਿਲੀ। ਅੱਕ ਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਉਹ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਇੱਛਾ ਮੌਤ ਦੀ ਆਗਿਆ ਦਿੱਤੀ ਜਾਵੇ।
ਪੀੜਤ ਪਰਿਵਾਰ ਨੇ ਅੱਜ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਡੀਸੀ ਦਫਤਰ ਮੂਹਰੇ ਰੋਸ ਧਰਨਾ ਦਿੱਤਾ। ਰੋਸ ਮੁਜ਼ਾਹਰੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਰਜ਼ੇ ਸਦਕਾ ਪਰਿਵਾਰ ਨੂੰ ਸਹਿਣੀ ਪੈ ਰਹੀ ਜਲਾਲਤ ਤੋਂ ਮੁਕਤੀ ਲਈ ਤੁਰੰਤ ਸਰਕਾਰ ਵੱਲੋਂ ਮਿਲੀ ਸਰਕਾਰੀ ਸਹਾਇਤਾ ਦਿਵਾਉਣ ਦੀ ਗੁਹਾਰ ਲਾਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੰਬਾ ਸਮਾਂ ਬੀਤਣ ਦੇ ਬਾਵਜੂਦ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ ਰਹੀ, ਉੱਥੇ ਕਰਜ਼ਾ ਲੈਣ ਵਾਲੇ ਉਨ੍ਹਾਂ ਦਾ ਦਰ ਪਟ ਰਹੇ ਹਨ। ਹੁਣ ਨਿਆਂ ਨਾ ਮਿਲਦਾ ਦੇਖ ਪੀੜਤ ਪਰਿਵਾਰ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜੇਕਰ ਉਹ ਇਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਪਰਿਵਾਰਕ ਮੈਂਬਰਾਂ ਨੂੰ ਇੱਛਾ ਮੌਤ ਦਿੱਤੀ ਜਾਵੇ।
ਕਿਸਾਨ ਦੇ ਪਰਿਵਾਰ ਦੀ ਹਮਾਇਤ ’ਤੇ ਆਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹਰੀ, ਚਿੱਟੀ ਕ੍ਰਾਂਤੀ ਲਿਆਉਣ ਵਾਲੇ ਕਿਸਾਨਾਂ ਦੀ ਸਰਕਾਰ ਬਾਂਹ ਫੜਣ ਨੂੰ ਤਿਆਰ ਨਹੀਂ। ਕਿਸਾਨਾਂ ਨੇ ਕਿਹਾ ਕਿ ਜੇਕਰ ਮੰਡੀਕਰਨ ਸਹੀ ਹੋਵੇ ਤਾਂ ਕਿਸਾਨਾਂ ਨੂੰ ਖੁਦਕਸ਼ੀਆਂ ਦੇ ਰਾਹੇ ਨਾ ਤੁਰਨਾ ਪਵੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਤੁਰੰਤ ਪੀੜਤ ਪਰਿਵਾਰ ਨੂੰ 3 ਲੱਖ ਦੀ ਸਰਕਾਰੀ ਸਹਾਇਤਾ ਨਾ ਦਵਾਈ ਗਈ ਤਾਂ ਜਥੇਬੰਦੀ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਕੇਸ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਜਲਦ ਰਾਹਤ ਦੇ ਦਿੱਤੀ ਜਾਵੇਗੀ, ਜਦੋਂ ਕਿ ਇੰਨਾ ਲੰਬਾ ਸਮਾਂ ਲੱਗਣ ਦੇ ਸਵਾਲ ਦਾ ਜਵਾਬ ਦੇਣ ਤੋਂ ਅਧਿਕਾਰੀ ਅਸਮਰਥ ਰਹੇ।