ਜਲੰਧਰ: ਗੁਰੂਆਂ ਦੀ ਧਰਤੀ ਪੰਜਾਬ 'ਤੇ ਸੇਵਾ ਦੀ ਭਵਾਨਾ ਅਜੇ ਵੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਸ ਦੀ ਮਿਸਾਲ ਪਿਛਲੇ ਦਿਨੀਂ ਹੜ੍ਹਾਂ ਦੌਰਾਨ ਵੀ ਵੇਖਣ ਨੂੰ ਮਿਲੀ ਜਦੋਂ ਸਰਕਾਰ ਦੇ ਹੱਥ ਖੜ੍ਹੇ ਹੋਣ ਮਗਰੋਂ ਲੋਕਾਂ ਨੇ ਆਮ ਮੁਹਾਰੇ ਸਾਰੇ ਰਾਹਤ ਕਾਰਜ ਸੰਭਾਲ ਲਏ। ਹੁਣ ਫਿਰ ਹੜ੍ਹਾਂ ਨਾਲ ਉੱਚੀਆਂ-ਨੀਵੀਆਂ ਹੋਈਆਂ ਜ਼ਮੀਨਾਂ ਨੂੰ ਪੱਧਰੀਆਂ ਕਰਨ ਲਈ ਲੋਕ ਪੱਲਿਓਂ ਡੀਜ਼ਲ ਫੂਕ ਸੇਵਾ ਲਈ ਪਹੁੰਚੇ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਦਰਅਸਲ ਹੜ੍ਹਾਂ ਦੌਰਾਨ ਪਿੰਡ ਜਾਨੀਆਂ ਚਾਹਲ ’ਚ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ 40 ਤੋਂ 45 ਫੁੱਟ ਟੋਏ ਪੈ ਗਏ ਸੀ। ਕਿਸਾਨਾਂ ਨੂੰ ਫਿਕਰ ਸੀ ਕਿ ਹੁਣ ਕੀ ਬਣੇਗਾ। ਜਦੋਂ ਇਸ ਗੱਲ ਦਾ ਪਤਾ ਲੱਗਾਂ ਤਾਂ ਟੋਇਆਂ ਨੂੰ ਪੂਰਨ ਲਈ 100 ਤੋਂ ਵੱਧ ਟਰੈਕਟਰ ਪਹੁੰਚ ਗਏ। ਇਸੇ ਤਰ੍ਹਾਂ ਮਹਿਰਾਜ ਵਾਲਾ ਤੇ ਚੱਕ ਵਡਾਲਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਪੱਧਰਾ ਕੀਤਾ ਜਾ ਰਿਹਾ ਹੈ।


ਹਾਸਲ ਜਾਣਕਾਰੀ ਮੁਤਾਬਕ ਜ਼ਮੀਨ ਪੱਧਰੀ ਕਰਨ ਲਈ ਫਰੀਦਕੋਟ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਕਾਲਾ ਸੰਘਿਆਂ, ਸਿੱਧਵਾਂ ਦੋਨਾ ਤੇ ਹੋਰ ਇਲਾਕਿਆਂ ਤੋਂ ਕਿਸਾਨ ਟਰੈਕਟਰ ਲੈ ਕੇ ਆਏ ਹੋਏ ਸਨ। ਕਿਸਾਨਾਂ ਵੱਲੋਂ ਰਲ ਕੇ ਹੀ ਟਰੈਕਟਰਾਂ ਵਿਚ ਤੇਲ ਪੁਆਇਆ ਜਾ ਰਿਹਾ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਕਰਕੇ ਇੱਥੋਂ ਦੀਆਂ ਜ਼ਮੀਨਾਂ ਵਿੱਚ 5 ਤੋਂ ਲੈ ਕੇ 40 ਫੁੱਟ ਤੱਕ ਟੋਏ ਪੈ ਗਏ ਸਨ। ਹੜ੍ਹਾਂ ਨਾਲ ਮਿੱਟੀ ਤੇ ਰੇਤਾ ਖੇਤਾਂ ਵਿੱਚ ਫੈਲ ਗਿਆ ਸੀ। ਇਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਮਰ ਗਈ ਸੀ। ਉਨ੍ਹਾਂ ਨੂੰ ਕਣਕ ਬੀਜਣ ਦਾ ਫਿਕਰ ਪੈ ਗਿਆ ਸੀ।


ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਪੀਲ ਨੂੰ ਸੁਣਿਆ ਸੀ। ਇਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਟਰੈਕਟਰ ਤੇ ਕਰਾਹਿਆਂ ਦੀ ਮੰਗ ਕੀਤੀ ਸੀ। ਇਸ ਲਈ ਉਹ ਟਰੈਕਟਰਾਂ ਨਾਲ ਪਹੁੰਚੇ ਸਨ।