ਚੰਡੀਗੜ੍ਹ: ਮੋਦੀ ਸਰਕਾਰ ਦੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਨੇ ਅੱਜ ਟਰੈਕਟਰ ਮਾਰਚ ਕੱਢਿਆ। ਕਾਂਗਰਸ ਦੇ ਟਰੈਕਟਰ ਮਾਰਚ ਕਾਰਨ ਹਜ਼ਾਰਾਂ ਵਹੀਕਲ ਅਤੇ ਮਰੀਜ਼ਾਂ ਸਮੇਤ ਅੰਬੂਲੈਂਸਾਂ ਤਕਰੀਬਨ ਡੇਢ ਘੰਟੇ ਦੇ ਜਾਮ ਵਿੱਚ ਫਸੀਆਂ ਰਹੀਆਂ।
ਚੰਡੀਗੜ੍ਹ-ਰਾਜਪੁਰਾ ਰੋਡ 'ਤੇ ਸਵੇਰ ਤੋਂ ਹੀ ਵੱਡਾ ਜਾਮ ਲੱਗਿਆ ਰਿਹਾ। ਕੌਮੀ ਮਾਰਗ ਦੇ ਇੱਕ ਪਾਸੇ ਸਿਰਫ ਕਾਂਗਰਸ ਦੇ ਟਰੈਕਟਰ ਮਾਰਚ ਨੂੰ ਜਗ੍ਹਾ ਦਿੱਤੀ ਗਈ ਸੀ ਤੇ ਸੜਕੇ ਦੇ ਦੂਜੇ ਪਾਸੇ ਸਾਰੇ ਵਾਹਨਾਂ ਨੂੰ ਚਲਾਇਆ ਜਾ ਰਿਹਾ ਸੀ। ਪਰ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ 3-4 ਕਿਲੋਮੀਟਰ ਲੰਮਾ ਜਾਮ ਲੱਗ ਗਿਆ।
ਇਸ 'ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਥੋੜੀ ਬਹੁਤੀ ਸਮੱਸਿਆ ਹੋ ਸਕਦੀ ਹੈ ਪਰ ਅਸੀਂ ਲੋਕਾਂ ਲਈ ਹੀ ਸਭ ਕਰ ਰਹੇ ਹਾਂ। ਆਲ ਇੰਡੀਆ ਯੂਥ ਕਾਂਗਰਸ ਪਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ ਕਿ ਜੇ ਲੋਕਾਂ ਨੂੰ ਸਮੱਸਿਆ ਆਈ ਤਾਂ ਅਸੀਂ ਖੇਦ ਪ੍ਰਗਟ ਕਰਦੇ ਹਾਂ। ਟਰੈਕਟਰ ਮਾਰਚ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਜ਼ਿਆਦਾ ਧੁੱਪ ਕਰਨ ਗਸ਼ ਖਾ ਕੇ ਡਿੱਗੇ ਪਏ। ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਸੰਭਾਲਿਆ ਤੇ ਗਰਮੀ ਤੋਂ ਬਚਾਉਣ ਦੇ ਉਪਾਅ ਕੀਤੇ।
ਜਾਮ ਵਿੱਚ ਫਸੇ ਲੋਕਾਂ ਨੇ ਕਿਹਾ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ, ਲੋਕਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਮ ਜਨਤਾ ਵੱਲ ਦੇਖ ਕੇ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਜਾਮ ਵਿੱਚ ਕਈ ਸਰਕਾਰੀ ਬੱਸਾਂ ਵੀ ਫਸੀਆਂ ਰਹੀਆਂ ਤੇ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਬੇਹੱਦ ਪ੍ਰੇਸ਼ਾਨੀ ਹੋਈ। ਪੁਲਿਸ ਅਧਿਕਾਰੀ ਵੀ ਆਪਣੇ ਟ੍ਰੈਫਿਕ ਮੈਨੇਜਮੈਂਟ ਬਾਰੇ ਗੋਲ-ਮੋਲ ਗੱਲਾਂ ਕਰਦੇ ਰਹੇ।