ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੋਟਬਖ਼ਤੂ ਵਿੱਚ ਇੱਕ ਨੌਜਵਾਨ ਕਿਸਾਨ ਨੇ ਖੇਤ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਸਿਰ 8 ਲੱਖ ਤੋਂ ਜਿਆਦਾ ਰੁਪਏ ਦਾ ਕਰਜ਼ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵਿੱਚ ਮ੍ਰਿਤਕ ਕਿਸਾਨ ਦਾ ਨਾਂ ਨਹੀਂ ਸੀ ਆਇਆ।
ਕਿਸਾਨ ਨਵਪ੍ਰੀਤ ਸਿੰਘ ਨੂੰ ਘਰ ਦੀ ਕਬੀਲਦਾਰੀ ਦੇ ਬੋਝ ਨੇ ਇੰਨਾ ਦੱਬ ਲਿਆ ਕਿ ਉਹ ਜ਼ਿੰਦਗੀ ਦੀ ਜੰਗ ਹੀ ਹਾਰ ਗਿਆ। ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਤਿੰਨ ਭੈਣ-ਭਰਾ ਸੀ। ਪਰਿਵਾਰ ਕੋਲ ਕੁੱਲ ਢਾਈ ਏਕੜ ਜ਼ਮੀਨ ਸੀ, ਪਰ ਵੱਡੀ ਭੈਣ ਦੇ ਵਿਆਹ ਤੇ ਇੱਕ ਏਕੜ ਜ਼ਮੀਨ ਵੀ ਵਿਕ ਗਈ ਤੇ ਸਿਰ 'ਤੇ ਕਰਜ਼ਾ ਵੀ ਚੜ੍ਹ ਗਿਆ। ਹਾਲੇ ਪਹਿਲਾ ਕਰਜ਼ ਚੁਕਾਇਆ ਨਹੀਂ ਸੀ ਗਿਆ ਤੇ ਨਵਪ੍ਰੀਤ ਸਿੰਘ ਦੀ ਮਾਤਾ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਹੋਣ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ।
ਮ੍ਰਿਤਕ ਕਿਸਾਨ ਦੇ ਪਰਿਵਾਰ ਸਿਰ ਚਾਰ ਲੱਖ ਬੈਂਕ, ਚਾਰ ਲੱਖ ਆੜ੍ਹਤੀਆਂ ਤੇ ਕੁਝ ਸੁਸਾਇਟੀ ਦਾ ਕਰਜ਼ ਸੀ। ਨੌਜਵਾਨ ਕਿਸਾਨ ਕਰਜ਼ਾ ਉਤਾਰਨ ਲਈ ਖੇਤੀ ਦੇ ਨਾਲ-ਨਾਲ ਨਿੱਜੀ ਕੰਪਨੀ ਵਿੱਚ ਨੌਕਰੀ ਵੀ ਕਰਦਾ ਸੀ ਪਰ ਕਰਜੇ ਦੀ ਪੰਡ ਦਿਨੋ ਦਿਨ ਵਧ ਰਹੀ ਸੀ। ਆਪਣੀ ਨਿੱਘਰਦੀ ਵਿੱਤੀ ਹਾਲਤ ਵੇਖਦਿਆਂ ਬੀਤੀ ਦੇਰ ਸ਼ਾਮ ਨੌਜਵਾਨ ਕਿਸਾਨ ਨਵਪ੍ਰੀਤ ਸਿੰਘ ਆਪਣੇ ਖੇਤ ਵਿੱਚ ਬਣੇ ਖੂਹ ਵਿੱਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।
ਕਿਸਾਨ ਨਵਪ੍ਰੀਤ ਸਿੰਘ ਦਾ ਪਰਿਵਾਰ ਆਪਣੇ ਜਵਾਨ ਪੁੱਤ ਦੇ ਜਹਾਨੋਂ ਤੁਰ ਜਾਣ ਕਾਰਨ ਡੂੰਘੇ ਸਦਮੇ ਵਿੱਚ ਹੈ। ਮ੍ਰਿਤਕ ਦੇ ਰਿਸ਼ਤੇਦਾਰ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਸੂਚੀ ਵਿੱਚ ਨਾਂਅ ਨਹੀਂ ਸੀ ਆਇਆ। ਹਾਲਾਂਕਿ, ਸਰਕਾਰ ਨੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਸਹਿਕਾਰੀ ਸਭਾ ਦਾ ਕਰਜ਼ ਮੁਆਫ਼ ਕੀਤਾ ਜਾਣ ਦਾ ਦਾਅਵਾ ਕੀਤਾ ਸੀ ਤੇ ਇਸ ਕਦਮ 'ਤੇ ਸਰਕਾਰ ਆਪਣੀ ਪਿੱਠ ਥਾਪੜਦੀ ਨਹੀਂ ਥੱਕਦੀ।
ਉੱਧਰ, ਕਿਸਾਨ ਆਗੂ ਕਿਸਾਨਾਂ ਦੀਆਂ ਵਧ ਰਹੀਆਂ ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਨੂੰ ਦੱਸ ਰਹੇ ਹਨ ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜਾ ਮਾਫ ਕਰਕੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।