ਮਿਹਰਬਾਨ ਸਿੰਘ
ਬਠਿੰਡਾ: ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਅਸਮਾਨੀਂ ਚੜ੍ਹੇ ਘੱਟੇ ਨਾਲ ਸਬਜ਼ੀ ਕਾਸ਼ਤਕਾਰਾਂ ਦਾ ਖਾਸਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਨੇੜਲੇ ਪਿੰਡ ਵਿੱਚ ਮੌਸਮ ਦੀ ਇਸ ਖਰਾਬੀ ਕਾਰਨ ਤਿੰਨ ਵਿਅਕਤੀਆਂ ਦੀ ਜਾਨ ਜਾਣ ਦੀ ਵੀ ਖ਼ਬਰ ਹੈ।
ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦਾਅਵਾ ਕੀਤਾ ਕਿਹਾ ਅਸਮਾਨੀਂ ਚੜ੍ਹੀ ਮਿੱਟੀ ਨੇ ਇਨਸਾਨੀ ਜ਼ਿੰਦਗੀ ਨੂੰ ਸ਼ਿਕਾਰ ਬਣਾਇਆ। ਉਨ੍ਹਾਂ ਕਿਹਾ ਕਿ ਜੱਸੀ ਪਿੰਡ ਵਿੱਚ ਦਮ ਘੁੱਟਣ ਨਾਲ ਪਿਛਲੇ ਕੁਝ ਦਿਨਾਂ 'ਚ ਤਿੰਨ ਮੌਤਾਂ ਹੋ ਗਈਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨੋ ਵਿਅਕਤੀ ਦਮੇ ਦੇ ਮਰੀਜ਼ ਸਨ ਤੇ ਖਰਾਬ ਮੌਸਮ ਨੇ ਉਨ੍ਹਾਂ ਦੀ ਸਿਹਤ ਇੰਨੀ ਵਿਗਾੜ ਦਿੱਤੀ ਕਿ ਉਹ ਜ਼ਿੰਦਗੀ ਦੀ ਲੜਾਈ ਹੀ ਹਾਰ ਗਏ।
ਕਿਸਾਨਾਂ ਨੇ ਦੱਸਿਆ ਕਿ ਆਸਮਾਨ ਤੋਂ ਡਿੱਗਦੀ ਮਿੱਟੀ ਨੇ ਫ਼ਸਲਾਂ ਤੇ ਸਬਜ਼ੀਆਂ ਨੂੰ ਸ਼ਿਕਾਰ ਬਣਾਇਆ। ਨਰਮਾ, ਮੂੰਗੀ, ਕੱਦੂ, ਭਿੰਡੀ, ਫਲੀਆਂ, ਮਿਰਚਾ ਅਤੇ ਹੋਰ ਸਬਜ਼ੀਆਂ ਖਰਾਬ ਹੋ ਰਹੀਆਂ ਹਨ। ਕਿਸਾਨਾਂ ਦੀ ਆਖ਼ਰੀ ਟੇਕ ਮੀਂਹ 'ਤੇ ਹੈ, ਪਰ ਬੀਤੇ ਕੱਲ੍ਹ ਤੋਂ ਮਾਲਵਾ ਪੱਟੀ ਵਿੱਚ ਮੀਂਹ ਨਹੀਂ ਪਿਆ। ਹਾਲਾਂਕਿ, ਚੰਡੀਗੜ੍ਹ ਤੇ ਅੰਮ੍ਰਿਸਤਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਪਰ ਮਾਲਵਾ ਪੱਟੀ ਵਿੱਚ ਮੀਂਹ ਨਹੀਂ ਪਿਆ।
ਕੁਦਰਤ ਦੀ ਮਾਰ ਝੱਲ੍ਹਦੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਕਰਦਿਆਂ ਕਿਹਾ ਕਿ ਸਬਜ਼ੀਆਂ ਦੀ ਬਿਜਾਈ 'ਤੇ ਤਕਰੀਬਨ ਅੱਠ ਤੋਂ ਦਸ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਆਉਂਦਾ ਹੈ। ਉਨ੍ਹਾਂ ਸਰਕਾਰ ਤੋਂ ਸਬਜ਼ੀਆਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।