ਚੰਡੀਗੜ੍ਹ: ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਦੀ ਰਕਮ 9500 ਕਰੋੜ ਤੋਂ ਸੁੰਗੜ ਕੇ 7400 ਕਰੋੜ ਰੁਪਏ ਤੱਕ ਹੀ ਸੀਮਤ ਰਹਿ ਗਿਆ ਹੈ। ਇੰਨਾ ਹੀ ਨਹੀਂ ਵੱਡੀ ਗਿਣਤੀ ਕਿਸਾਨਾਂ ਨੂੰ ਇਸ ਸਕਮੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਇਹ ਦਾਅਵਾ ਪੰਜਾਬੀ ਅਖ਼ਬਾਰ 'ਅਜੀਤ' ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਮੁਆਫ਼ ਕੀਤੇ ਜਾਣ ਵਾਲੇ ਇਸ ਕਰਜ਼ੇ ਵਿੱਚ 3 ਹਜ਼ਾਰ ਕਰੋੜ ਰੁਪਏ ਦੇ ਕਰੀਬ ਸਹਿਕਾਰੀ ਬੈਂਕਾਂ ਦਾ ਕਰਜ਼ਾ ਹੈ, ਜਦਕਿ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਵਪਾਰਕ ਤੇ ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਹਨ।
ਸਰਕਾਰ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ ਹੁਣ ਸਿਰਫ 3 ਲੱਖ 94 ਹਜ਼ਾਰ ਕਿਸਾਨਾਂ ਦਾ ਹੀ ਕਰਜ਼ਾ ਮੁਆਫ਼ ਹੋਵੇਗਾ। ਕਰਜ਼ੇ ਮਾਫੀ ਦੀ ਰਾਸ਼ੀ 15,500 ਕਰੋੜ ਰੁਪਏ ਮਿੱਥੀ ਜਾ ਰਹੀ ਸੀ, ਜੋ ਘਟਦਿਆਂ-ਘਟਦਿਆਂ ਹੁਣ 7400 ਕਰੋੜ ਰੁਪਏ ਦੇ ਕਰੀਬ ਰਹਿ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਸਹਿਕਾਰੀ ਤੇ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 12.38 ਲੱਖ ਕਿਸਾਨਾਂ ਵਿੱਚੋਂ ਵੱਡੀ ਗਿਣਤੀ 'ਚ ਕਿਸਾਨ ਤਾਂ ਕਰਜ਼ਾ ਮੁਆਫ਼ੀ ਦੀ ਯੋਜਨਾ 'ਚੋਂ ਹੀ ਬਾਹਰ ਕਰ ਦਿੱਤੇ ਗਏ ਹਨ। ਹੁਣ ਸਿਰਫ ਢਾਈ ਏਕੜ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਹੋਵੇਗਾ।
ਇਸ ਦੇ ਨਾਲ ਹੀ 5 ਏਕੜ ਵਾਲੇ ਸਿਰਫ ਉਸ ਕਿਸਾਨ ਦਾ ਹੀ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜਿਸ ਦੇ ਸਿਰ ਕਰਜ਼ਾ ਸਿਰਫ ਦੋ ਲੱਖ ਰੁਪਏ ਤੱਕ ਹੋਵੇਗਾ। ਭਾਵ ਦੋ ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਕਿਸਾਨ ਦਾ ਧੇਲਾ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਸਰਕਾਰ ਨੇ ਮੰਡੀ ਬੋਰਡ ਦੀ ਪੇਂਡੂ ਵਿਕਾਸ ਫੰਡ ਤੇ ਮੰਡੀ ਫੀਸ ਤੋਂ ਹੋਣ ਵਾਲੀ ਆਮਦਨ 2027 ਤੱਕ ਗਹਿਣੇ ਰੱਖ ਕੇ 4680 ਕਰੋੜ ਰੁਪਏ ਦਾ ਕਰਜ਼ਾ ਤਾਂ ਹਾਸਲ ਕਰ ਲਿਆ ਹੈ। ਬਾਕੀ 3 ਹਜ਼ਾਰ ਕਰੋੜ ਰੁਪਏ ਦਾ ਕਿਧਰੋਂ ਵੀ ਜੁਗਾੜ ਨਹੀਂ ਲੱਗ ਰਿਹਾ, ਜਿਸ ਕਰਕੇ ਕਰਜ਼ਾ ਮੁਆਫ ਕਰਨ ਦੀ ਸ਼ੁਰੂਆਤ ਕਰਨ ਦਾ ਕੰਮ ਲਗਾਤਾਰ ਅੱਗੇ ਪੈ ਰਿਹਾ ਹੈ।