ਚੰਡੀਗੜ੍ਹ: ਖੇਤੀ ਦਾ ਸਹੀ ਮੰਡੀਕਰਨ ਨਾ ਹੋਣ ਕਾਰਨ ਕਿਸਾਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਪਰ ਦੂਜੇ ਪਾਸੇ ਵਾਪਰੀ ਚੋਖਾ ਮੁਨਾਫਾ ਕਮਾਉਂਦੇ ਹਨ। ਅਜਿਹਾ ਹੀ ਵਾਪਰ ਰਿਹਾ ਹੈ ਪੰਜਾਬ ਦੇ ਕਿੰਨੂ ਉਤਪਾਦਕਾਂ ਨਾਲ। ਮੰਡੀ ਵਿੱਚ ਵਾਪਰੀ ਤਾਂ ਚੰਗੇ ਭਾਅ 'ਤੇ ਗਾਹਕਾਂ ਨੂੰ ਕਿੰਨੂ ਵੇਚ ਰਹੇ ਹਨ ਪਰ ਕਿਸਾਨਾਂ ਨੂੰ ਕਿੰਨੂ ਦਾ ਨਾਂ ਮਾਤਰ ਭਾਅ ਮਿਲ ਰਿਹਾ ਹੈ।
ਮਾਨਸਾ ਜ਼ਿਲ੍ਹੇ ਦੇ ਬਾਗਬਾਨਾਂ ਨੇ ਦੱਸਿਆ ਕਿ ਪ੍ਰਾਈਵੇਟ ਵਪਾਰੀ ਕਿੰਨੂ ਮਨਮਰਜ਼ੀ ਦੇ ਭਾਅ ਨਾਲ ਖਰੀਦ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਇਹੀ ਕਿਨੂੰ ਜਦੋਂ ਵਪਾਰੀਆਂ ਤੋਂ ਰੇਹੜੀ ਵਾਲੇ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਚੋਖਾ ਮੁਨਾਫ਼ਾ ਹੁੰਦਾ ਹੈ। ਰੇਹੜੀ ਵਾਲਿਆਂ ਪਾਸੋਂ ਜਦੋਂ ਇਹ ਕਿੰਨੂ ਆਮ ਲੋਕ ਖਰੀਦਦੇ ਹਨ ਤਾਂ ਰੇਹੜੀ ਵਾਲੇ ਵੀ ਹੱਥ ਰੰਗ ਲੈਂਦੇ ਹਨ।
ਰਵਾਇਤੀ ਖੇਤੀ ਛੱਡ ਕੇ ਬਾਗ਼ਬਾਨੀ ਵਾਲੇ ਪਾਸੇ ਪਏ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮਾੜੇ ਮੰਡੀਕਰਨ ਪ੍ਰਬੰਧਾਂ ਕਾਰਨ ਮਾਲਵਾ ਪੱਟੀ ਦੇ ਅੰਗੂਰ ਖੱਟੇ ਹੋ ਗਏ ਤੇ ਹੁਣ ਸਰਕਾਰੀ ਬੇਰੁਖ਼ੀ ਕਰ ਕੇ ਕਿੰਨੂ ਖਟਾਸ ਫੜ੍ਹਨ ਲੱਗੇ ਹਨ।
ਬਾਗਬ਼ਾਨੀ ਵਿੱਚ ਕਈ ਸਨਮਾਨ ਹਾਸਲ ਕਰ ਚੁੱਕੇ ਕਿਸਾਨ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕਿੰਨੂਆਂ ਪ੍ਰਤੀ ਸਰਕਾਰੀ ਹੇਜ ਨਾ ਜਾਗਿਆ ਤਾਂ ਮਾਲਵਾ ਖੇਤਰ ਦਾ ਇਹ ਰਾਜਾ ਫ਼ਲ ਫੇਲ੍ਹ ਹੋ ਜਾਵੇਗਾ। ਨੇੜਲੇ ਪਿੰਡ ਨੰਗਲ ਕਲਾਂ ਦੇ ਕਿਸਾਨ ਲੀਲਾ ਸਿੰਘ ਨੇ ਦੱਸਿਆ ਕਿ ਉਸ ਨੇ ਫ਼ਸਲੀ ਵਿਭਿੰਨਤਾ ਦੇ ਚਲਦਿਆਂ ਕਿੰਨੂ ਦਾ ਬਾਗ਼ ਲਾਇਆ ਸੀ, ਪਰ ਸਹੀ ਕੀਮਤ ’ਤੇ ਖਰੀਦ ਨਾ ਹੋਣ ਕਰਕੇ ਉਸ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ।
ਪਿੰਡ ਬਹਿਣੀਵਾਲ ਦੇ ਬਾਗ਼ਬਾਨ ਕੁਲਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਕਿੰਨੂਆਂ ਦਾ ਸਹੀ ਮੰਡੀਕਰਨ ਨਾ ਹੋਣ ਕਰਕੇ ਸਭ ਤੋਂ ਵੱਧ ਨੁਕਸਾਨ ਫ਼ਸਲ ਪੈਦਾ ਕਰਨ ਵਾਲੇ ਤੇ ਅੱਗੇ ਪਰਿਵਾਰ ਲਈ ਕਿੰਨੂ ਖਰੀਦਣ ਵਾਲਿਆਂ ਦਾ ਹੋ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਬੁਰਜ ਮਾਨਸਾ, ਬਹਿਣੀਵਾਲ, ਟਾਡੀਆਂ, ਭੀਮੜਾ, ਬੱਪੀਆਣਾ, ਭੈਣੀਬਾਘਾ ਦੇ ਕਿਸਾਨ ਵੀ ਮੰਡੀਕਰਨ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹਨ।