ਮਾਨਸਾ: ਪਿਛਲੇ ਦਿਨੀਂ ਪੱਤਰਕਾਰਾਂ ਨਾਲ ਡੀਸੀ ਮਾਨਸਾ ਵੱਲੋਂ ਕੀਤੀ ਬਦਸਲੂਕੀ ਦੇ ਵਿਰੋਧ ਵਜੋਂ ਅੱਜ ਮਾਨਸਾ ਬਲਾਕ ਦੇ ਪਿੰਡ ਭੈਣੀਬਾਘਾ ਵਿੱਚ ਵੱਡਾ ਇਕੱਠ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਨੇ ਡੀਸੀ ਦੀ ਅਰਥੀ ਸਾੜ੍ਹੀ।

ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀਬਾਘਾ, ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ, ਬਲਾਕ ਪ੍ਰਧਾਨ ਬਲਵਿੰਦਰ ਖ਼ਿਆਲਾਂ ਨੇ ਕਿਹਾ ਕਿ ਜੋ ਪੱਤਰਕਾਰਾਂ 'ਤੇ ਹਮਲੇ ਕਰਕੇ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਇਹ ਲੋਕਤੰਤਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਰਕਾਰਾਂ ਪਕੌਕਾ ਨਾ ਦੇ ਕਾਨੂੰਨ ਵਾਸਤੇ ਬਿੱਲ ਲਿਆ ਕੇ ਸੰਘਰਸ਼ਸੀਲ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੀਡੀਆ ਦੇ ਸਵਾਲ ਪੁੱਛਣ ਤੋਂ ਭੜਕੇ ਡੀਸੀ ਮਾਨਸਾ ਦੀ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਜਨਤਾ ਦੀ ਆਵਾਜ਼ ਨੂੰ ਦੁਨੀਆ ਸਾਹਮਣੇ ਲਿਜਾਣ ਵਾਲੇ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਅਫ਼ਸਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਪੱਤਰਕਾਰਾਂ ਦੇ ਹਰ ਸੱਦੇ 'ਤੇ ਡਟ ਕੇ ਸਾਥ ਦਿੱਤਾ ਜਾਵੇਗਾ। 26 ਦਸੰਬਰ ਵਾਲੇ ਧਰਨੇ ਵਿੱਚ ਡਕੌਦਾਂ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ।