ਬਠਿੰਡਾ: ਕਿਸਾਨਾਂ ਤੋਂ ਬਾਅਦ ਹੁਣ ਖੇਤ ਮਜ਼ਦੂਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੈਦਾਨ ਵਿੱਚ ਕੁੱਦ ਆਏ ਹਨ। ਅੱਜ ਬਠਿੰਡਾ ਪਾਵਰ ਹਾਊਸ ਰੋਡ 'ਤੇ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਵਿਸ਼ਾਲ ਰੈਲੀ ਕੀਤੀ। ਖੇਤ ਮਜ਼ਦੂਰਾਂ ਨੇ ਕਰਜ਼ਾ ਮੁਆਫੀ ਦੇ ਨਾਲ ਸਰਕਾਰ ਦੇ ਹੋਰਨਾਂ ਵਾਅਦਿਆਂ ਨੂੰ ਵੀ ਪੂਰਾ ਕਰਨ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਰੈਲੀ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ।
"ਕਰਜ਼ਾ ਮੁਕਤੀ-ਜ਼ਮੀਨ ਪ੍ਰਾਪਤੀ ਰੈਲੀ" ਦੇ ਨਾਂ ਹੇਠ ਇਸ ਸੂਬਾ ਪੱਧਰੀ ਰੈਲੀ ਵਿੱਚ ਪੂਰੇ ਪੰਜਾਬ ਤੋਂ ਮਰਦ ਮਜ਼ਦੂਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਹੱਥਾਂ ਵਿੱਚ ਸਰਕਾਰ ਵਿਰੋਧੀ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀ ਇਨ੍ਹਾਂ ਮਜ਼ਦੂਰਾਂ ਨੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਤਕਰੀਬਨ 10 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਨਾਲ ਬਠਿੰਡਾ ਵਿੱਚ ਹੀ ਵਾਅਦਾ ਕੀਤਾ ਸੀ ਕਿ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਬੁਢਾਪਾ ਪੈਨਸ਼ਨਾਂ ਤੇ ਸ਼ਗਨ ਸਕੀਮਾਂ, ਪੰਜ-ਪੰਜ ਮਰਲੇ ਦੇ ਪਲਾਟ ਦੇ ਨਾਲ-ਨਾਲ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਜਦੋਂ ਕਰਜ਼ਾ ਮਾਫ਼ੀ ਦੇ ਐਲਾਨ ਕੀਤੇ ਜਾ ਰਹੇ ਨੇ ਤਾਂ ਖੇਤ ਮਜ਼ਦੂਰਾਂ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਹੈ।
ਮਜ਼ਦੂਰ ਆਗੂ ਨੇ ਕਿਹਾ ਕਿ ਤੇਜ਼ ਰਫਤਾਰ ਮਸ਼ੀਨਰੀ ਦੇ ਚੱਲਦਿਆਂ ਮਜ਼ਦੂਰ ਪਹਿਲਾਂ ਤੋਂ ਹੀ ਵਿਹਲਾ ਹੈ ਤੇ ਜਥੇਬੰਦੀ ਦੇ ਸਰਵੇਖਣ ਮੁਤਾਬਕ ਹਰ ਮਜ਼ਦੂਰ ਦੇ ਸਿਰ ਤੇ ਔਸਤਨ 91 ਹਜਾਰ ਕਰਜ਼ਾ ਹੈ ਤੇ ਮਕਾਨ, ਵਿਆਹ ਜਾਂ ਬਿਮਾਰੀ ਆਦਿ ਲਈ ਮਜ਼ਦੂਰ ਨੂੰ ਸੂਦਖੋਰਾਂ ਕੋਲੋਂ 26 ਰੁਪਏ ਤੋਂ ਲੈ ਕੇ 60 ਰੁਪਏ ਪ੍ਰਤੀ ਸੈਂਕੜਾ ਵਿਆਜ 'ਤੇ ਰਕਮ ਲੈਣੀ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਤਕਰੀਬਨ ਸਾਢੇ ਸੱਤ ਲੱਖ ਮਜ਼ਦੂਰ ਹਨ ਜਦਕਿ ਕਰੀਬ ਪੰਦਰਾਂ ਲੱਖ ਮਜ਼ਦੂਰ ਖੇਤੀ ਕਿੱਤੇ ਵਿੱਚ ਲੱਗੇ ਹੋਏ ਹਨ। ਯੂਨੀਵਰਸਿਟੀਆਂ ਦੇ ਸਰਵੇਖਣਾਂ ਮੁਤਾਬਕ ਪੰਜਾਬ ਵਿੱਚ ਕਰਜ਼ੇ ਤੇ ਆਰਥਿਕ ਤੰਗੀ ਕਾਰਨ 55 ਪ੍ਰਤੀਸ਼ਤ ਕਿਸਾਨ ਆਤਮ ਹੱਤਿਆ ਕਰਦੇ ਹਨ ਤਾਂ 45 ਫ਼ੀਸਦੀ ਮਜ਼ਦੂਰ ਵੀ ਖ਼ੁਦਕੁਸ਼ੀ ਕਰ ਜਾਂਦੇ ਹਨ। ਆਗੂ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਦਾ ਇਹ ਕਹਿਣਾ ਕਿ ਮਜ਼ਦੂਰਾਂ ਦੇ ਕਰਜ਼ੇ ਬਾਰੇ ਕੋਈ ਠੋਸ ਅੰਕੜੇ ਨਹੀਂ, ਆਪਣੇ ਆਪ ਵਿੱਚ ਹੀ ਹਾਸੋਹੀਣਾ ਹੈ।
ਆਗੂ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਿਰਫ ਸਰਕਾਰ ਇੱਕ ਵੋਟ ਬੈਂਕ ਵਜੋਂ ਇਸਤੇਮਾਲ ਕਰਦੀ ਹੈ। ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨਾ, ਬੈਂਕਾਂ ਤੋਂ ਬਿਨਾਂ ਗਾਰੰਟੀ ਤੇ ਬਿਨਾਂ ਵਿਆਜ ਵਿਆਜ ਦੇ ਲੰਬੀ ਮਿਆਦ ਦੇ ਕਰਜ਼ੇ, ਨਾਲ ਹੀ ਜ਼ਮੀਨ ਸੁਧਾਰ ਕਾਨੂੰਨ ਮੁਤਾਬਕ ਸਾਢੇ ਸਤਾਰਾਂ ਏਕੜ ਤੋਂ ਉੱਪਰ ਦੀਆਂ ਜ਼ਮੀਨਾਂ ਨੂੰ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਵਿੱਚ ਵੰਡਿਆ ਜਾਵੇ ਇਸ ਦੇ ਨਾਲ ਹੀ ਮਜ਼ਦੂਰਾਂ ਨੇ ਸਰਕਾਰੀ ਨੌਕਰੀਆਂ ਤੇ ਦਸ-ਦਸ ਮਰਲੇ ਦੇ ਪਲਾਟਾਂ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਅੱਜ ਅਸੀਂ ਸੰਘਰਸ਼ ਦਾ ਐਲਾਨ ਕੀਤਾ ਹੈ ਜੇਕਰ ਸਰਕਾਰ ਨੇ ਜਲਦੀ ਸਾਡੀ ਗੱਲ ਨਾ ਮੰਨੀ ਤਾਂ ਜਲਦੀ ਹੀ ਲੜੀਵਾਰ ਸੰਘਰਸ਼ ਛੇੜਿਆ ਜਾਵੇਗਾ।
ਮਜ਼ਦੂਰਾਂ ਦੇ ਮੁੱਦੇ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਭਾਜਪਾ ਸਰਕਾਰ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਅਸੀਂ ਨਰਮੇ ਦੇ ਖਰਾਬੇ ਕਾਰਨ 640 ਕਰੋੜ ਰੁਪਏ ਕਿਸਾਨਾਂ ਨੂੰ ਤੇ 64 ਕਰੋੜ ਰੁਪਏ ਮਜ਼ਦੂਰਾਂ ਨੂੰ ਦਿੱਤੇ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।