ਚੰਡੀਗੜ੍ਹ : ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਖ਼ਾਸ ਕਰਕੇ ਗੋਭੀ ਹੁਣ ਮੰਡੀਆਂ ਵਿੱਚ ਰੁਲ ਰਹੀ ਹੈ। ਪੰਦਰਾਂ ਦਿਨ 30 ਤੋਂ 50 ਰੁਪਏ ਕਿਲੋ ਵਿਕਣ ਵਾਲੀ ਗੋਭੀ ਦੀ ਹੁਣ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਲਹਿਰਾਗਾਗਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡ ਕਾਲੀਆਂ ਦੇ ਦੋ ਕਿਸਾਨ ਭਰਾਵਾਂ ਭਗਵਾਨ ਸਿੰਘ ਅਤੇ ਸਤਨਾਮ ਸਿੰਘ ਨੇ ਇੱਕ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਪਹਿਲੀ ਵਾਰ ਗੋਭੀ ਬੀਜੀ ਸੀ ਪਰ ਹੁਣ ਗੋਭੀ ਵੇਚਣ ਲਈ ਗਲੀਆਂ ਵਿੱਚ ਖੁਆਰੀ ਕਰਨੀ ਪੈ ਰਹੀ ਹੈ।

ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਕਾਸ਼ਤਕਾਰਾਂ ਦੀ ਐਨੀ ਲੁੱਟ ਹੋ ਰਹੀ ਹੈ ਕਿ ਨੋਟਬੰਦੀ ਤੋਂ ਪਹਿਲਾਂ ਇਹ ਸਬਜ਼ੀ ਮੰਡੀ ਵਿੱਚ ਚਾਰ ਰੁਪਏ ਕਿਲੋ ਵਿਕ ਜਾਂਦੀ ਸੀ ਤੇ ਹੁਣ 25 ਕਿਲੋ ਗੋਭੀ ਦਾ ਲਿਫ਼ਾਫਾ ਮੁਸ਼ਕਲ ਨਾਲ 30 ਰੁਪਏ ਵਿੱਚ ਵਿਕਦਾ ਹੈ। ਇਸ ਤਰ੍ਹਾਂ ਖ਼ਰਚਾ ਵੀ ਪੱਲੇ ਵੀ ਨਹੀਂ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਕਾਲੀਆਂ ਦੇ 7 ਕਿਸਾਨਾਂ ਨੇ ਇਸ ਵਾਰ ਗੋਭੀ ਦੀ ਕਾਸ਼ਤ ਕੀਤੀ ਸੀ ਪਰ ਹੁਣ ਸਾਰੇ ਟਰਾਲੀਆਂ ਲੈਕੇ ਗਲੀ ਗਲੀ ਵਿੱਚ ਗੋਭੀ ਵੇਚਣ ਨੂੰ ਮਜਬੂਰ ਹਨ ਤੇ ਇਸ ਦੀ ਵਿਕਰੀ ’ਚੋਂ ਖ਼ਰਚੇ ਵੀ ਨਹੀਂ ਨਿਕਲ ਰਹੇ। ਇਸ ਕਾਰਨ ਕਿਸਾਨ ਭਵਿੱਖ ਵਿੱਚ ਸਬਜ਼ੀਆਂ ਦੀ ਕਾਸ਼ਤ ਤੋਂ ਕੰਨੀ ਕਤਰਾਉਣਗੇ।

ਸਤਨਾਮ ਸਿੰਘ ਨੇ ਦੱਸਿਆ ਕਿ ਇੱਕ ਏਕੜ ਵਿੱਚੋਂ ਕਰੀਬ 50-60 ਮਣ ਗੋਭੀ ਹੁੰਦੀ ਹੈ ਤੇ ਅੱਜ ਉਹ ਲਹਿਰਾਗਾਗਾ ਮੰਡੀ ਵਿੱਚ 10 ਮਣ ਗੋਭੀ ਵੇਚਣ ਆਏ ਹਨ, ਜਿਸ ਦੇ ਸਿਰਫ਼ 700 ਰੁਪਏ ਹੀ ਵੱਟੇ ਹਨ। ਇਸ ਦੌਰਾਨ ਸਬਜ਼ੀ ਮੰਡੀ ਦੇ ਆੜ੍ਹਤੀ ਦੀਪਾ ਅਰੋੜਾ ਦਾ ਕਹਿਣਾ ਸੀ ਕਿ ਸਬਜ਼ੀ ਦੇ ਰੇਟ ਰੋਜ਼ਾਨਾ ਸਪਲਾਈ ਅਤੇ ਮੰਗ ਦੇ ਆਧਾਰ ’ਤੇ ਤੈਅ ਹੁੰਦੇ ਹਨ। ਉਨ੍ਹਾਂ ਕਿਹਾ ਕਿ ਗੋਭੀ ਦੇ ਗਾਹਕ ਘੱਟ ਆਉਣ ਕਾਰਨ ਭਾਅ ਘਟ ਗਏ ਹਨ ।