ਸੰਗਰੂਰ: ਕਰਜ਼ ਮਾਫੀ ਤੋਂ ਬਾਅਦ ਵੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੋਹਾਖੇੜੀ ਦੇ 29 ਸਾਲਾ ਕਿਸਾਨ ਹਰਵਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ। ਪੰਜ ਏਕੜ ਦੇ ਮਾਲਕ ਕਿਸਾਨ ਸਿਰ 10 ਲੱਖ ਰੁਪਏ ਕਰਜ਼ ਸੀ ਪਰ ਸਰਕਾਰ ਨੇ ਸਿਰਫ 90 ਹਜ਼ਾਰ ਕਰਜ਼ ਮਾਫ ਕੀਤਾ ਸੀ। ਫਸਲ ਖਰਾਬ ਹੋਣ ਕਰਕੇ ਉਹ ਬੇਹੱਦ ਪ੍ਰੇਸ਼ਾਨ ਸੀ ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਪਿੰਡ ਵਾਲਿਆਂ ਨੇ ਦੱਸ਼ਿਆ ਕਿ ਕਿਸਾਨ ਦਾ ਨਾਂ ਕਰਜ਼ ਮਾਫੀ ਦੀ ਲਿਸਟ ਵਿੱਚ ਵੀ ਆ ਗਿਆ ਸੀ ਤੇ ਉਸ ਦਾ 90 ਹਜ਼ਾਰ ਕਰਜ਼ ਮਾਫ ਹੋ ਗਿਆ ਹੈ। ਇਸ ਦੇ ਬਾਵਜੂਦ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਸਿਤਮ ਦੀ ਗੱਲ ਹੈ ਕਿ ਹੁਣ ਘਰ ਵਿੱਚ ਰਹਿਣ ਵਾਲੀਆਂ ਤਿੰਨੇ ਮਹਿਲਾਵਾਂ ਹਰਵਿੰਦਰ ਦੀ ਮਾਂ, ਭਾਬੀ ਤੇ ਪਤਨੀ ਵਿਧਵਾ ਹੋ ਚੁੱਕੀਆਂ ਹਨ। ਪਤਾ ਲੱਗਾ ਹੈ ਕਿ ਹਰਵਿੰਦਰ ਦੇ ਪਿਤਾ ਦੀ ਮੌਤ 25 ਸਾਲ ਪਹਿਲਾਂ ਕੀਟਨਾਸ਼ਕ ਦਵਾਈ ਚੜ੍ਹਨ ਨਾਲ ਹੋ ਗਈ ਸੀ। ਉਸ ਦੇ ਭਰਾ ਦੀ ਮੌਤ 2010 ਵਿੱਚ ਸੜਕ ਹਾਦਸੇ ਦੌਰਾਨ ਹੋ ਗਈ ਸੀ। ਹਰਵਿੰਦਰ ਦੀਆਂ ਦੋ ਲੜਕੀਆਂ ਤੇ ਇੱਕ ਮੁੰਡਾ ਹੈ। ਹੁਣ ਘਰ ਚਲਾਉਣ ਦੀ ਜ਼ਿੰਮੇਵਾਰੀ ਤਿੰਨੇ ਔਰਤਾਂ ਸਿਰ ਪੈ ਗਈ ਹੈ। ਹਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਖੇਤੀਬਾੜੀ ਲਈ ਪ੍ਰਾਈਵੇਟ ਬੈਂਕ ਤੋਂ ਪੰਜ ਸਾਲ ਪਹਿਲਾਂ ਕਰਜ਼ ਲਿਆ ਸੀ। ਉਹ ਖੇਤੀ ਵਿੱਚੋਂ ਉਸ ਦਾ ਸਿਰਫ ਵਿਆਜ਼ ਹੀ ਲਾਹ ਪਾ ਰਹੇ ਸੀ। ਇਸ ਵਾਰ ਫਸਲ ਦਾ ਝੜ ਘੱਟ ਨਿਕਲਿਆ ਜਿਸ ਕਰਕੇ ਹਰਵਿੰਦਰ ਕਾਫੀ ਪ੍ਰੇਸ਼ਾਨ ਸੀ।