ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਚਹਿਲ ਵਿੱਚ ਕਿਸਾਨ ਨੇ 30 ਲੱਖ ਰੁਪਏ ਦੇ ਵੱਡੇ ਕਰਜ਼ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨਜ਼ਦੀਕੀ ਤੇ ਆਜ਼ਾਦੀ ਘੁਲਾਟੀਏ ਊਧਮ ਸਿੰਘ ਦਾ ਪੋਤਰਾ ਸੀ। ਮ੍ਰਿਤਕ ਕਿਸਾਨ ਗੁਰਦੇਵ ਸਿੰਘ 10 ਕਿੱਲੇ ਜ਼ਮੀਨ ਦਾ ਮਾਲਕ ਸੀ।

ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਜੋਰਾ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਸੰਧੂ ਆਜ਼ਾਦੀ ਘੁਲਾਟੀਏ ਊਧਮ ਸਿੰਘ ਸੰਧੂ ਦਾ ਪੋਤਾ ਸੀ। ਉਸ ਦੇ ਸਿਰ 30 ਲੱਖ ਰੁਪਏ ਦਾ ਵੱਡਾ ਕਰਜ਼ ਹੋਣ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਹ ਬਿਨਾ ਦੱਸਿਆਂ ਹੀ ਘਰੋਂ ਚਲਾ ਗਿਆ ਤੇ ਖੇਤ ਜਾ ਕੇ ਮੋਟਰ ਵਾਲੇ ਖੂਹ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੇਵ ਸਿੰਘ ਸੰਧੂ ਆਪਣੇ ਪਿੱਛੇ ਇੱਕ ਪੁੱਤਰ ਤੇ ਪਤਨੀ ਛੱਡ ਗਿਆ ਹੈ। ਉਨ੍ਹਾਂ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਵੀ ਕੀਤੀ। ਘਟਨਾ ਸਥਾਨ 'ਤੇ ਥਾਣਾ ਸਦਰ ਕੋਟਕਪੂਰਾ ਦੇ ਮੁਖੀ ਮੁਖਤਿਆਰ ਸਿੰਘ ਨੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ।