ਅੰਮ੍ਰਿਤਸਰ: ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਉਡਰ ਦੇ ਬਜ਼ੁਰਗ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ਼ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਕਿਸਾਨ ਪ੍ਰਤਾਪ ਸਿੰਘ ਬੈਂਕ ਤੇ ਆੜ੍ਹਤੀਆਂ ਦੇ ਕਰਜ਼ ਤੇ ਘੱਟ ਪੈਦਾਵਾਰ ਕਰ ਕੇ ਪ੍ਰੇਸ਼ਾਨ ਰਹਿੰਦਾ ਸੀ।

 

60 ਸਾਲਾ ਮ੍ਰਿਤਕ ਕਿਸਾਨ ਪ੍ਰਤਾਪ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਸਿਰ ਤਕਰੀਬਨ 12 ਲੱਖ ਰੁਪਏ ਦਾ ਕਰਜ਼ ਸੀ। ਇਸ ਸਾਲ ਕਣਕ ਦੇ ਘੱਟ ਝਾੜ ਕਾਰਨ ਉਹ ਸਦਮੇ ਵਿੱਚ ਸਨ। ਉਨ੍ਹਾਂ ਦੱਸਿਆ ਕਿ ਪ੍ਰਤਾਪ ਸਿੰਘ ਰੋਜ਼ ਵਾਂਗ ਸੁਵਖ਼ਤੇ ਗੁਰੂ ਘਰ ਜਾਣ ਲਈ ਗਏ। ਉੱਥੇ ਸੇਵਾ ਕਰ ਵਾਪਸੀ ਸਮੇਂ ਕੋਈ ਜ਼ਹਿਰੀਲੀ ਵਸਤੂ ਨਿਗਲ਼ ਸਾਢੇ ਕੁ ਸੱਤ ਵਜੇ ਘਰ ਆ ਕੇ ਲੇਟ ਗਏ।

ਜਦੋਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਹਾਲਤ ਖਰਾਬ ਦੇਖੀ ਤਾਂ ਤੁਰੰਤ ਹਸਪਤਾਲ ਲੈ ਕੇ ਗਏ, ਪਰ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਲੋਪੋਕੇ ਦੀ ਪੁਲਿਸ ਨੇ ਮ੍ਰਿਤਕ ਕਿਸਾਨ ਦੇ ਪੁੱਤਰ ਜਸਵੀਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।