ਬਠਿੰਡਾ: ਬਜ਼ੁਰਗ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਦੇ 55 ਸਾਲਾ ਕਿਸਾਨ ਹਰਬੰਸ ਸਿੰਘ ਸਿਰ 10 ਤੋਂ 12 ਲੱਖ ਰੁਪਏ ਦਾ ਕਰਜ਼ ਸੀ। ਕਿਸਾਨ ਨੇ ਆਪਣੇ ਖੇਤ ਵਿੱਚ ਜਾ ਕੇ ਕੀਟਨਾਸ਼ਕ ਪੀ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।   ਕਿਸਾਨ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਦਾ ਕੈਪਟਨ ਸਰਕਾਰ ਦੀ ਕਰਜ਼ ਮੁਆਫ਼ੀ ਵਾਲੀ ਸੂਚੀ ਵਿੱਚ ਨਾਂ ਤਾਂ ਆਇਆ ਸੀ ਪਰ ਇਸ ਦੇ ਬਾਵਜੂਦ ਕਰਜ਼ ਮੁਆਫ਼ ਨਾ ਹੋਇਆ। ਉਨ੍ਹਾਂ ਕਿਹਾ ਕਿ ਆਖ਼ਰਕਰ ਕਿਸਾਨ ਨੇ ਅੱਕ ਕੇ ਇਹ ਕਦਮ ਚੁੱਕਿਆ। ਮ੍ਰਿਤਕ ਕਿਸਾਨ ਦੇ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਿਰ ਬੈਂਕਾਂ ਤੇ ਆੜ੍ਹਤੀਆਂ ਦਾ 10-12 ਲੱਖ ਰੁਪਏ ਦਾ ਕਰਜ਼ ਸੀ ਤੇ ਉਹ ਘਰ ਵਿੱਚ ਅਕਸਰ ਪ੍ਰੇਸ਼ਾਨ ਰਹਿੰਦੇ ਸਨ।