ਮੋਗਾ: ਜ਼ਿਲ੍ਹੇ ਪਿੰਡ ਸੱਦਾ ਸਿੰਘ ਵਾਲੇ ਦੇ ਇੱਕ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਸੁਖਜਿੰਦਰ ਸਿੰਘ ਖ਼ਾਲਸਾ ਝੋਨੇ ਦੀ ਪਰਾਲੀ ਨਾ ਸਾੜ ਕੇ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ ਤਾਂ ਕੰਮ ਦਾ ਜਾਇਜ਼ਾ ਲੈਣ ਲਈ ਚੱਲਦੇ ਟਰੈਕਟਰ ਤੋਂ ਉਤਰਿਆ। ਜਦੋਂ ਉਹ ਦੁਬਾਰਾ ਉੱਪਰ ਬੈਠਣ ਲੱਗਾ ਤਾਂ ਉਸ ਦਾ ਪੈਰ ਤਿਲ੍ਹਕ ਗਿਆ ਅਤੇ ਉਹ ਟਰੈਕਟਰ ਦੇ ਟਾਇਰ ਥੱਲੇ ਆ ਗਿਆ।
ਇਸ ਤੋਂ ਪਹਿਲਾਂ ਕਿ ਸੁਖਜਿੰਦਰ ਸਿੰਘ ਸੰਭਲ ਪਾਉਂਦਾ ਉਹ ਸੀਡਰ ਦੇ ਕਟਰਾਂ ਦੀ ਮਾਰ ਹੇਠ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਉਹ ਸਰਕਾਰ ਵੱਲੋਂ ਝੋਨੇ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਹੈਪੀ ਸੀਡਰ ਦੀ ਵਰਤੋਂ ਕਰਦਾ ਖੇਤਾਂ ਵਿੱਚ ਇਕੱਲਾ ਹੀ ਕੰਮ ਰਿਹਾ ਸੀ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਟਰੈਕਟਰ ਨੂੰ ਬਿਨਾ ਕਿਸੇ ਡਰਾਈਵਰ ਦੇ ਚੱਲਦਾ ਵੇਖ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਨਜ਼ਦੀਕ ਆ ਕੇ ਵੇਖਿਆ ਤਾਂ ਉਦੋਂ ਤਕ ਕਿਸਾਨ ਸੁਖਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਸੁਖਜਿੰਦਰ ਸਿੰਘ ਲੋਕ ਭਲਾਈ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ ਉਹ ਹਰ ਮਹੀਨੇ ਫ਼ਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਲੰਗਰ ਦੀ ਸੇਵਾ ਕਰਦਾ ਸੀ। ਮ੍ਰਿਤਕ ਕਿਸਾਨ ਦੀ ਲੜਕੀ ਵਿਦੇਸ਼ ਪੜ੍ਹਨ ਗਈ ਹੈ ਜਦਕਿ ਲੜਕਾ ਬੜੂ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਿਹਾ ਹੈ। ਕਿਸਾਨ ਸੁਖਜਿੰਦਰ ਸਿੰਘ ਖ਼ਾਲਸਾ ਦੀ ਬੇਵਕਤੀ ਮੌਤ ਨਾਲ ਪਿੰਡ ਸੱਦਾ ਸਿੰਘ ਵਾਲਾ ‘ਚ ਹੀ ਨਹੀਂ ਆਸ ਪਾਸ ਦੇ ਪਿੰਡਾਂ ‘ਚ ਵੀ ਸੋਗ ਦੀ ਲਹਿਰ ਹੈ।