ਨਵੀਂ ਦਿੱਲੀ: ਕਿਸਾਨ ਅੰਦੋਲਨ ਬਾਰੇ ਵੱਡੀ ਖਬਰ ਆਈ ਹੈ। ਕਿਸਾਨ ਲੀਡਰ ਰੁਲਦੂ ਸਿੰਘ ਦੀ ਗੱਡੀ ਉੱਪਰ ਹਮਲਾ ਹੋਇਆ ਹੈ। ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੈ। ਲੀਡਰ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਕਾਰ 'ਤੇ ਕੁਝ ਸੁੱਟਿਆ ਗਿਆ, ਜਿਸ ਕਾਰਨ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ।


ਦਰਅਸਲ ਖੇਤੀ ਕਾਨੂੰਨਾਂ ਸਬੰਧੀ ਅੱਜ ਕੇਂਦਰ ਸਰਕਾਰ ਤੇ ਕਿਸਾਨ ਲੀਡਰਾਂ ਵਿਚਾਲੇ 11ਵੇਂ ਗੇੜ ਦੀ ਬੈਠਕ ਹੋਵੇਗੀ। ਇਸ ਬੈਠਕ 'ਚ ਸ਼ਾਮਲ ਹੋਣ ਲਈ ਜਦੋਂ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਆਪਣੀ ਗੱਡੀ 'ਚ ਆ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਨਾਕੇ 'ਤੇ ਰੋਕ ਲਿਆ।

ਰੁਲਦੂ ਸਿੰਘ ਮਾਨਸਾ ਮੁਤਾਬਕ ਇਸੇ ਦੌਰਾਨ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਦੀ ਕਾਰ 'ਤੇ ਕੁਝ ਸੁੱਟਿਆ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਇਸ ਮਗਰੋਂ ਵਿਗਿਆਨ ਭਵਨ ਬਾਹਰ ਪਹੁੰਚੇ ਮਾਨਸਾ ਨਾਰਾਜ਼ ਹੋ ਕੇ ਆਪਣੀ ਗੱਡੀ 'ਚ ਹੀ ਬੈਠੇ ਰਹੇ ਤੇ ਉਨ੍ਹਾਂ ਨੇ ਅੱਜ ਦੀ ਬੈਠਕ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਤੇ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਨਾ ਕੇ ਵਿਗਿਆਨ ਭਵਨ ਅੰਦਰ ਲੈ ਕੇ ਗਏ।