ਜਲੰਧਰ: ਕਰਜ਼ਾ ਮੁਆਫੀ ਦੇ ਦੂਜੇ ਗੇੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਫੇਰ ਦਿੱਤੀ ਹੈ। ਜਲੰਧਰ ਦੇ ਨਕੋਦਰ ਵਿੱਚ ਹੋਏ ਦੂਜੇ ਕਰਜ਼ਾ ਮੁਆਫੀ ਪ੍ਰੋਗਰਾਮ ਵਿੱਚ ਜਲੰਧਰ ਤੋਂ ਇਲਾਵਾ, ਕਪੂਰਥਲਾ, ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਪਹੁੰਚੇ।


ਪਹਿਲਾਂ ਇਸ ਸਮਾਗਮ ਵਿੱਚ 6 ਜ਼ਿਲ੍ਹਿਆਂ ਦੇ 40 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਸੀ ਪਰ ਲਿਸਟਾਂ ਫਾਈਨਲ ਨਾ ਹੋਣ ਕਾਰਨ ਆਖਰੀ ਵਕਤ ਮੋਗਾ ਜ਼ਿਲ੍ਹੇ ਨੂੰ ਦੂਜੇ ਫੇਜ਼ ਵਿੱਚੋਂ ਬਾਹਰ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਥੋੜੇ ਸੁਧਰਣ ਲੱਗੇ ਹਨ। ਕਿਸਾਨ ਹੁਣ ਘੱਟ ਖੁਦਕੁਸ਼ੀਆਂ ਕਰ ਰਹੇ ਹਨ।

ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ 17 ਲੱਖ ਕਿਸਾਨ ਹਨ। ਇਨ੍ਹਾਂ ਵਿੱਚੋਂ 10 ਲੱਖ 25 ਹਜ਼ਾਰ ਨੂੰ 2-2 ਲੱਖ ਦੇਣੇ ਹਨ। ਮਾਲਵੇ ਤੋਂ ਸ਼ੁਰੂਆਤ ਕੀਤੀ ਸੀ। ਹੁਣ ਅੱਜ ਦੋਆਬਾ ਵਿੱਚ ਹਾਂ ਤੇ ਇਸ ਤੋਂ ਬਾਅਦ ਮਾਝੇ ਵਿੱਚ ਜਾਵਾਂਗੇ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹੌਲੀ-ਹੌਲੀ ਬੈਂਕਾਂ ਦੇ ਕਰਜ਼ੇ ਦਾ ਨੰਬਰ ਵੀ ਆ ਜਾਵੇਗਾ। ਫਿਲਹਾਲ ਤਾਂ ਸਰਕਾਰ ਸਿਰਫ ਕੋਆਪਰੇਟਿਵ ਕਰਜ਼ੇ ਹੀ ਮੁਆਫ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਤ ਸੁਧਰਨ ਲੱਗ ਪਏ ਹਨ। ਵਿਧਾਨ ਸਭਾ ਵਿੱਚ ਮੈਂ ਇਸ ਦਾ ਡਾਟਾ ਰੱਖਾਂਗਾ। ਅਕਾਲੀ ਸਰਕਾਰ ਵੇਲੇ ਤੋਂ ਹੁਣ ਖੁਦਕੁਸ਼ੀਆਂ ਘਟਣ ਲੱਗ ਪਈਆਂ। ਇਸ ਦਾ ਮਤਲਬ ਲੋਕਾਂ ਨੂੰ ਸਾਡੇ 'ਤੇ ਭਰੋਸਾ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵਾਅਦਾ ਪੂਰਾ ਹੋਵੇਗਾ ਤੇ ਸਾਡੀ ਕਿਸਾਨੀ ਨੂੰ ਅਸੀਂ ਰੁੜਣ ਤੋਂ ਬਚਾਵਾਂਗੇ।