ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਆਗੂ ਮੋਤੀ ਮਹਿਲ (ਪਟਿਆਲਾ) ਅੱਗੇ ਕਿਸਾਨਾਂ ਧਰਨੇ ਨੂੰ ਸਫਲ ਬਣਾਉਣ ਲਈ ਗੁਪਤ ਰੂਪ-ਰੇਖਾ ਉਲੀਕ ਰਹੇ ਹਨ। ਪੰਜਾਬ ਸਰਕਾਰ ਵੱਲੋਂ ਧਰਨੇ ਨੂੰ ਫੇਲ੍ਹ ਕਰਨ ਤੇ ਧਰਨੇ ਦੀ ਜਗ੍ਹਾ 'ਤੇ ਜਾਣ ਤੋਂ ਰੋਕਣ ਲਈ ਕਿਸਾਨ ਆਗੂਆਂ ਦੀਆਂ ਲਗਾਤਾਰ ਗ੍ਰਿਫਤਾਰੀਆਂ ਤੋਂ ਬਾਅਦ ਜਥੇਬੰਦੀਆਂ ਨੇ ਇਹ ਫਸੈਲਾ ਲਿਆ ਹੈ।

ਰੂਪੋਸ਼ ਹੋਏ ਕਿਸਾਨ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਸਾਨ ਜਥੇਬੰਦੀਆਂ ਦਾ ਮੀਡੀਆ ਰਾਹੀਂ ਸਰਕਾਰ ਨੂੰ ਪੱਖ ਦੱਸਿਆ। ਉਨ੍ਹਾਂ ਕਿਹਾ ਕਿ ਮੋਤੀ ਮਹਿਲ ਦਾ ਘਿਰਾਓ ਨਹੀਂ ਬਲਕਿ ਪੰਜ ਦਿਨ ਲਈ ਕਰਜ਼ਾ ਮਾਫੀ ਤੇ ਹੋਰ ਮੰਗਾਂ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਹੈ। ਸੰਵਧਾਨਕ ਤੌਰ 'ਤੇ ਸ਼ੰਘਰਸ਼ ਕਰਨ ਦਾ ਸਭ ਨੂੰ ਹੱਕ ਹੈ। ਕੈਪਟਨ ਸਰਕਾਰ ਜਮਹੂਰੀਅਤ ਨੂੰ ਦਬਾਅ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ।

ਕਿਸਾਨ ਆਗੂ ਨੇ ਕਿਹਾ ਚੰਡੀਗੜ੍ਹ ਵਿੱਚ ਧਰਨੇ ਦੀ ਪਾਬੰਦੀ ਲਾਈ ਹੋਈ ਹੈ। ਰੇਲ਼ਾਂ ਤੇ ਸੜਕਾਂ ਰੋਕਣ 'ਤੇ ਵੀ ਪਾਬੰਦੀ ਹੈ। ਮੁੱਖ ਮੰਤਰੀ ਦੇ ਨਿਵਾਸ ਅੱਗੇ ਧਰਨਾ ਲਾਉਣ 'ਤੇ ਵੀ ਮਨਾਹੀ ਕੀਤੀ ਜਾ ਰਹੀ ਹੈ ਜੋ ਲੋਕਤੰਤਰ ਦਾ ਘਾਣ ਹੈ। ਅਜਿਹਾ ਕਰਕੇ ਡੰਡੇ ਨਾਲ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ 22 ਅਗਸਤ ਨੂੰ ਬਰਨਾਲਾ 'ਚ ਕਿਸਾਨਾਂ ਦੀ ਮਹਾਂ ਰੈਲੀ ਦੇ ਇਕੱਠ ਨੂੰ ਦੇਖ ਕੇ ਬੁਖਲਾ ਗਈ ਹੈ।

ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਪਿੰਡਾਂ ਵਿੱਚ ਵੀ ਕਿਸਾਨਾਂ 'ਤੇ ਦੱਬਸ ਦੇ ਰਹੀ ਹੈ। ਦਹਿਸ਼ਤ ਦਾ ਮਾਹੌਲ ਸਿਰਜ ਕੇ ਲੋਕਾਂ ਨੂੰ ਸੰਘਰਸ਼ ਕਰਨ ਲਈ ਘਰਾਂ ਤੋਂ ਨਿਕਲਣੋਂ ਰੋਕ ਰਹੀ ਹੈ। ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਕੇ ਮੰਗਾਂ ਮਨਵਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਹਰ ਹਾਲਤ ਪਟਿਆਲਾ ਪਹੁੰਚਣਗੇ ਤੇ ਜੇਕਰ ਸਰਕਾਰ ਨੇ ਸਖਤੀ ਵਰਤੀ ਤਾਂ ਕਿਸਾਨ ਵੀ ਵੱਡਾ ਸਖਤ ਐਕਸ਼ਨ ਲੈਣਗੇ ਚਾਹੇ ਕਿਸਾਨਾਂ ਨੂੰ ਜੇਲ੍ਹ ਜਾਣਾ ਪਵੇ।