ਚੰਡੀਗੜ੍ਹ : ਪਟਿਆਲ ਵਿਖੇ ਕਰਜ਼ਾ ਮੁਆਫੀ ਦੇ ਮੋਰਚੇ ਤੇ ਬਾਅਦ ਢਾਈ ਸੋ ਦੇ ਕਰੀਬ ਕਿਸਾਨ ਜੇਲ੍ਹਾਂ ਚੋਂ ਰਿਹਾਅ ਕਰ ਦਿੱਤੇ ਹਨ। ਇੰਨਾ ਕਿਸਾਨਾਂ ਨੂੰ ਪਟਿਆਲ ਮੋਰਚੇ ਨੂੰ ਫੇਲ੍ਹ ਕਰਨ ਲਈ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਬਾਕੀ ਦੇ ਕਿਸਾਨ ਰਿਹਾਈ ਦੇ ਉਡੀਕ ਵਿੱਚ ਹਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਜ਼ਿਲ੍ਹਾ ਬਠਿੰਡਾ ਦੇ ਐਸ.ਡੀ.ਐਮਜ਼ ਵੱਲੋਂ ਕਿਸਾਨਾਂ ਦੇ ਰਿਹਾਈ ਆਰਡਰ ਭੇਜੇ ਜਾ ਰਹੇ ਹਨ। ਬਠਿੰਡਾ ਜੇਲ੍ਹ ਦੇ ਡਿਪਟੀ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਹੁਕਮ ਮਿਲਣ ਮਗਰੋਂ 45 ਕਿਸਾਨ ਰਿਹਾਅ ਕਰ ਦਿੱਤੇ ਗਏ ਹਨ। ਬਾਕੀ ਕਿਸਾਨਾਂ ਨੂੰ ਅਗਲੇ ਹੁਕਮਾਂ ਮਗਰੋਂ ਰਿਹਾਅ ਕਰ ਦਿੱਤਾ ਜਾਵੇਗਾ। ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ 300 ਤੋਂ ਵੱਧ ਕਿਸਾਨ ਬੰਦ ਸਨ। ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ 56 ਕਿਸਾਨਾਂ ਨੂੰ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਅੱਜ ਸ਼ਾਮ ਵੇਲੇ ਰਿਹਾਅ ਕਰ ਦਿੱਤਾ ਗਿਆ ਹੈ। ਸੰਗਰੂਰ, ਪਟਿਆਲਾ ਅਤੇ ਨਾਭਾ ਦੀ ਜੇਲ੍ਹ ਵਿੱਚ ਡੇਢ ਸੌ ਕਿਸਾਨ ਬੰਦ ਸਨ, ਜਿਨ੍ਹਾਂ ’ਚੋਂ ਬਹੁਤੇ ਰਿਹਾਅ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਸੱਤ ਕਿਸਾਨ ਧਿਰਾਂ ਦੇ ਪਟਿਆਲਾ ਮੋਰਚੇ ਨੂੰ ਅਸਫਲ ਕਰਨ ਖ਼ਾਤਰ ਕਿਸਾਨਾਂ ਦੀ 18 ਸਤੰਬਰ ਤੋਂ ਫੜੋ ਫੜੀ ਸ਼ੁਰੂ ਕੀਤੀ ਗਈ ਸੀ। ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਪਟਿਆਲਾ ਦੇ ਬਾਹਰਵਾਰ ਪੰਜ ਰੋਜ਼ਾ ਕਿਸਾਨ ਮੋਰਚਾ ਸ਼ੁਰੂ ਹੋ ਗਿਆ ਹੈ। ਇਸ ਮਗਰੋਂ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਵੀ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ।