ਇੱਕ ਪਾਸੇ ਕਰਜ਼ਾ ਮਾਫੀ ਲਈ ਧਰਨਾ, ਦੂਜੇ ਪਾਸੇ ਦੋ ਕਰਜ਼ਈ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 23 Sep 2017 11:01 AM (IST)
ਚੰਡੀਗੜ੍ਹ: ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਸਬ-ਡਵੀਜ਼ਨ ਦੇ ਪਿੰਡ ਝੰਬਾਲਾ ਵਿਚ ਕਰਜ਼ੇ ਦੇ ਸਤਾਏ ਕਿਸਾਨ ਭਗਵੰਤ ਸਿੰਘ (49) ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਸੂਚਨਾ ਅਨੁਸਾਰ ਇਹ ਕਿਸਾਨ ਦੇ ਸਿਰ 15 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਕਿਸਾਨ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ਲੜਕੀ ਸ਼ਾਦੀਸ਼ੁਦਾ ਹੈ ਜਦੋਂਕਿ ਲੜਕਾ ਨਵਪ੍ਰੀਤ ਸਿੰਘ ਬਾਰ੍ਹਵੀਂ ਜਮਾਤ ਵਿਚ ਹਰਦਮ ਪਬਲਿਕ ਸਕੂਲ ਜਿੰਦਲਪੁਰ ਪੜ੍ਹਦਾ ਹੈ। ਬੰਗਾ ਦੇ ਪਿੰਡ ਖਾਨਪੁਰ ਦੇ ਕਿਸਾਨ ਗੁਰਮੀਤ ਰਾਮ ਨੇ ਕਰਜ਼ੇ ਤੋਂ ਤੰਗ ਆ ਕੇ ਕਮਾਦ ਦੇ ਖੇਤ 'ਚ ਜਾ ਕੇ ਖੁਦਕਸ਼ੀ ਕਰ ਲਈ ਹੈ। ਪਿੰਡ ਦੇ ਪੰਚਾਇਤ ਮੈਂਬਰ ਹਰਨਾਮ ਦਾਸ ਅਤੇ ਮਾਸਟਰ ਲਛਮਣ ਦਾਸ ਅਨੁਸਾਰ ਗੁਰਮੀਤ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ ਜਿਸ ਨਾਲ ਉਸ ਨੂੰ ਘਾਟਾ ਪੈ ਗਿਆ। ਉਸਦੇ ਸਿਰ ਸਵਾ ਲੱਖ ਦਾ ਕਰਜ਼ਾ ਸੀ।ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਮਾਨ ਵਿੱਚ ਦੋ ਬੈਂਕਾਂ ਦੇ ਕਰਜ਼ੇ ਦੀਆਂ ਕਾਪੀਆਂ ਤੇ ਰਸੀਦਾਂ ਮਿਲੀਆਂ।